
ਸੰਗਰੂਰ, 20 ਅਗਸਤ: ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਟਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਦੇ ਦੋ ਹੋਣਹਾਰ ਵਾਲੀਬਾਲ ਖਿਡਾਰੀ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਦੀ ਚੋਣ ਅੰਡਰ-17 ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਵਿੱਚ ਕੀਤੀ ਗਈ ਹੈ। ਇਹ ਵੱਕਾਰੀ ਚੈਂਪੀਅਨਸ਼ਿਪ 19 ਤੋਂ 29 ਅਗਸਤ, 2026 ਤੱਕ ਦੋਹਾ, ਕਤਰ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਖਿਡਾਰੀਆਂ ਦੀ ਇਸ ਜੋੜੀ ਵਿੱਚੋਂ ਸ਼ਬਦ ਗੌਤਮ ਨੂੰ ਟੀਮ ਇੰਡੀਆ ਦੇ ਕਪਤਾਨ ਦੀ ਮਾਣਮੱਤੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
ਇਸ ਪ੍ਰਾਪਤੀ ‘ਤੇ ਐੱਸ.ਟੀ.ਸੀ. ਮਸਤੂਆਣਾ ਸਾਹਿਬ ਦੇ ਅਸਿਸਟੈਂਟ ਡਾਇਰੈਕਟਰ ਪੁਸ਼ਕਰ ਸਿੰਘ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸੇਵਾਮੁਕਤ ਇੰਚਾਰਜ ਤੇ ਮੁੱਖ ਕੋਚ ਮਨਜੀਤ ਸਿੰਘ ਬਾਲੀਆਂ ਨੇ ਦੋਵਾਂ ਖਿਡਾਰੀਆਂ ਨੂੰ ਭਰਵੀਆਂ ਵਧਾਈਆਂ ਦਿੱਤੀਆਂ ਹਨ। ਆਗੂਆਂ ਨੇ ਦੱਸਿਆ ਕਿ ਵਾਲੀਬਾਲ ਕੋਚ ਯਾਦਵਿੰਦਰ ਸਿੰਘ ਔਲਖ ਦੀ ਸ਼ਾਨਦਾਰ ਕੋਚਿੰਗ, ਤਕਨੀਕੀ ਸਮਝ ਅਤੇ ਰਣਨੀਤਕ ਯੋਜਨਾਬੰਦੀ ਨੇ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਇਨ੍ਹਾਂ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਦੇ ਵਿਕਾਸ ਵਿੱਚ ਅਕਾਲ ਕਾਲਜ ਕੌਂਸਲ ਦੇ ਨਿਰੰਤਰ ਸਹਿਯੋਗ ਦੀ ਵੀ ਭਰਪੂਰ ਸ਼ਲਾਘਾ ਕੀਤੀ।





