
ਵਾਸ਼ਿੰਗਟਨ, 5 ਸਤੰਬਰ:ਸੋਸ਼ਲ ਮੀਡੀਆ ਦੀ ਪ੍ਰਮੁੱਖ ਕੰਪਨੀ ਮੈਟਾ ਨੇ ਅਮਰੀਕਾ ਵਿੱਚ ਅੱਲ੍ਹੜਾਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਨਾਲ ਜੁੜੇ ਇੱਕ ਵੱਡੇ ਕਾਨੂੰਨੀ ਮਾਮਲੇ ਵਿੱਚ ਸਮਝੌਤਾ ਕਰ ਲਿਆ ਹੈ। ਅਮਰੀਕਾ ਦੇ 29 ਰਾਜਾਂ ਵੱਲੋਂ ਕੰਪਨੀ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਪਲੇਟਫਾਰਮ ਨਾਬਾਲਗਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਦੇ ਨਿਪਟਾਰੇ ਲਈ ਮੈਟਾ ਨੇ ਇੱਕ ਵੱਡੀ ਰਕਮ ਦੇਣ ਅਤੇ ਅੱਲ੍ਹੜ ਉਮਰ ਦੇ ਵਰਤੋਂਕਾਰਾਂ ਲਈ ਸਖ਼ਤ ਨਿਯਮ ਲਾਗੂ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ।ਇਨ੍ਹਾਂ ਨਵੀਆਂ ਪਾਬੰਦੀਆਂ ਤਹਿਤ ਅੱਲ੍ਹੜਾਂ ਲਈ ਰੋਜ਼ਾਨਾ ਐਪ ਵਰਤੋਂ ਦੀ ਹੱਦ 2 ਘੰਟੇ ਤੈਅ ਕੀਤੀ ਜਾਵੇਗੀ ਅਤੇ ਅੱਧੀ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਇਸ ਦੀ ਵਰਤੋਂ ‘ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਸਕੂਲ ਦੇ ਸਮੇਂ ਦੌਰਾਨ ਨੋਟੀਫਿਕੇਸ਼ਨਾਂ ਨੂੰ ਬੰਦ ਰੱਖਿਆ ਜਾਵੇਗਾ, ਖਾਤਿਆਂ ਤੋਂ ‘Likes’ ਦੀ ਗਿਣਤੀ ਲੁਕਾਈ ਜਾਵੇਗੀ ਅਤੇ ਖੂਬਸੂਰਤੀ ਵਧਾਉਣ ਵਾਲੇ ਬਿਊਟੀ ਫਿਲਟਰਾਂ ‘ਤੇ ਵੀ ਰੋਕ ਲਗਾਈ ਜਾਵੇਗੀ।ਹਾਲਾਂਕਿ ਮੈਟਾ ਨੇ ਇਹ ਸਮਝੌਤਾ ਕਰ ਲਿਆ ਹੈ, ਪਰ ਕੰਪਨੀ ਨੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਆਲੋਚਕ ਇਨ੍ਹਾਂ ਕਦਮਾਂ ਦੀ ਅਸਰਦਾਰਤਾ ‘ਤੇ ਸ਼ੰਕਾ ਜਤਾ ਰਹੇ ਹਨ, ਖਾਸ ਕਰਕੇ ਉਮਰ ਦੀ ਪੁਸ਼ਟੀ ਦੇ ਤਰੀਕੇ ਨੂੰ ਲੈ ਕੇ, ਜਿਸ ਵਿੱਚ ਏ.ਆਈ. ਰਾਹੀਂ ਵਰਤੋਂਕਾਰਾਂ ਦੇ ਸਰੀਰਕ ਲੱਛਣਾਂ ਅਤੇ ਪ੍ਰੋਫਾਈਲ ਡਾਟਾ ਨੂੰ ਸਕੈਨ ਕੀਤਾ ਜਾਵੇਗਾ। ਇਹ ਤਰੀਕਾ ਲੋਕਾਂ ਦੀ ਨਿੱਜਤਾ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ। ਫ਼ਿਲਹਾਲ ਇਹ ਬਦਲਾਅ ਸਿਰਫ਼ ਅਮਰੀਕਾ ਲਈ ਹਨ, ਪਰ ਚਰਚਾ ਹੈ ਕਿ ਇਹ ਫੈਸਲਾ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦੇ ਨਿਯਮਾਂ ਲਈ ਇੱਕ ਨਵਾਂ ਮਾਪਦੰਡ ਸਥਾਪਿਤ ਕਰ ਸਕਦਾ ਹੈ।





