
ਰੂੜੇਕੇ ਕਲਾਂ, 22 ਸਤੰਬਰ: ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ ਦਾ ਅੱਜ ਸਵੇਰੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਂ ਕਲਾਂ ਤੋਂ ਜਾਂਦੀ ਧੂੜਕੋਟ/ਪੁਲਾੜਾ ਲਿੰਕ ਰੋਡ ’ਤੇ ਬਰਨਾਲਾ ਪੁਲੀਸ ਨਾਲ ਮੁਕਾਬਲਾ ਹੋ ਗਿਆ, ਜਿਸ ਦੀ ਅਗਵਾਈ ਸੀ.ਆਈ.ਏ. ਸਟਾਫ਼ ਹੰਢਿਆਇਆ ਦੇ ਇੰਚਾਰਜ ਬਲਜੀਤ ਸਿੰਘ ਚੀਮਾ ਕਰ ਰਹੇ ਸਨ। ਇਸ ਮੁਕਾਬਲੇ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਪੁਲੀਸ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੀ ਤਲਾਸ਼ ਕਰ ਰਹੀ ਸੀ ਅਤੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਇਸ ਘਟਨਾ ਸਬੰਧੀ ਦੁਪਹਿਰ ਇੱਕ ਵਜੇ ਪ੍ਰੈੱਸ ਕਾਨਫ਼ਰੰਸ ਕਰਨਗੇ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ, ਜਿਸ ਦੇ ਆਧਾਰ ’ਤੇ ਪੁਲੀਸ ਇਸ ਪੂਰੀ ਘਟਨਾ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰ ਐਂਗਲ ਨਾਲ ਜੋੜ ਕੇ ਜਾਂਚ ਕਰ ਰਹੀ ਹੈ।





