
ਨਵੀਂ ਦਿੱਲੀ, 7 ਅਕਤੂਬਰ:ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕੌਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਪੋਸਟਪੇਡ ਪਲਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਅਨੁਸਾਰ 8 ਅਕਤੂਬਰ 2026 ਤੋਂ ਪੋਸਟਪੇਡ ਦਰਾਂ ਵਿੱਚ 50 ਰੁਪਏ ਦਾ ਵਾਧਾ ਲਾਗੂ ਹੋ ਜਾਵੇਗਾ। ਇਹ ਬਦਲਾਅ ਸਿਰਫ਼ ਪੋਸਟਪੇਡ ਗਾਹਕਾਂ ਲਈ ਹੀ ਕੀਤਾ ਗਿਆ ਹੈ, ਜਦਕਿ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੌਜੂਦਾ ਪੋਸਟਪੇਡ ਗਾਹਕਾਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੇ ਮੌਜੂਦਾ ਪਲਾਨ ਨਾਲੋਂ ਅਗਲੇ ਉੱਚੇ ਪਲਾਨ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ।
ਕੀਮਤਾਂ ਵਧਾਉਣ ਦੇ ਨਾਲ ਹੀ ਕੰਪਨੀ ਆਪਣੇ ਗਾਹਕਾਂ ਨੂੰ ਇੱਕ ਵਿਸ਼ੇਸ਼ ਨਵੀਂ ਸੁਵਿਧਾ ਵੀ ਪ੍ਰਦਾਨ ਕਰਨ ਜਾ ਰਹੀ ਹੈ। ਹੁਣ ਪੋਸਟਪੇਡ ਗਾਹਕਾਂ ਨੂੰ ਵਿਦੇਸ਼ੀ ਯਾਤਰਾ ਦੌਰਾਨ ਸਾਲ ਵਿੱਚ ਇੱਕ ਵਾਰ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਦਾ ਫ਼ਾਇਦਾ ਮਿਲੇਗਾ, ਜਿਸ ਦੀ ਅਸਲ ਕੀਮਤ 2,000 ਰੁਪਏ ਹੈ।
ਇਸ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਪੈਕ ਦੀ ਵੈਧਤਾ 5 ਦਿਨਾਂ ਦੀ ਹੋਵੇਗੀ। ਇਸ ਦੌਰਾਨ ਗਾਹਕਾਂ ਨੂੰ 5 ਜੀ.ਬੀ. ਡਾਟਾ, 60 ਮਿੰਟ ਕਾਲਿੰਗ, 25 ਆਊਟਗੋਇੰਗ ਐੱਸ.ਐੱਮ.ਐੱਸ. ਅਤੇ ਮੁਫ਼ਤ ਇਨਕਮਿੰਗ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ, ਜਿਸ ਦਾ ਲਾਭ ਗਾਹਕ ਆਪਣੀ 5 ਦਿਨਾਂ ਦੀ ਅੰਤਰਰਾਸ਼ਟਰੀ ਯਾਤਰਾ ਦੌਰਾਨ ਲੈ ਸਕਣਗੇ।






