ਦਾਦੀ ਦੇ ਅੰਤਿਮ ਸੰਸਕਾਰ ਲਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਸਕਦੀ ਹੈ ਪੈਰੋਲ, ਪਰਿਵਾਰ ਵੱਲੋਂ ਕਾਨੂੰਨੀ ਚਾਰਾਜੋਈ ਸ਼ੁਰੂ

ਚੰਡੀਗੜ੍ਹ, 10 ਨਵੰਬਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਅੰਮ੍ਰਿਤਪਾਲ ਸਿੰਘ ਦੀ 84 ਸਾਲਾ ਦਾਦੀ ਚਰਨ ਕੌਰ ਦੇ ਦੇਹਾਂਤ ਤੋਂ ਬਾਅਦ, ਪੰਜਾਬ ਸਰਕਾਰ ਉਨ੍ਹਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇੱਕ-ਦੋ ਦਿਨਾਂ ਦੀ ਪੈਰੋਲ ਦੇਣ ਬਾਰੇ ਵਿਚਾਰ ਕਰ ਰਹੀ ਹੈ। ਮਾਤਾ ਚਰਨ ਕੌਰ, ਜੋ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ, ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਫ਼ਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਹੀ ਰੱਖਿਆ ਹੋਇਆ ਹੈ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਨੇ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਇੱਕ ਦਿਨ ਦੀ ਪੈਰੋਲ ਦੇਣ ’ਤੇ ਗ਼ੈਰ-ਰਸਮੀ ਸਹਿਮਤੀ ਜਤਾਈ ਹੈ, ਜਿਸ ਕਾਰਨ ਅਦਾਲਤ ਵਿੱਚ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਘੱਟ ਹੈ। ਦੂਜੇ ਪਾਸੇ, ਪਰਿਵਾਰ ਵੱਲੋਂ ਦੋ ਤੋਂ ਤਿੰਨ ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ 15 ਨਵੰਬਰ ਨੂੰ ਹੋਣ ਵਾਲੇ ਸਸਕਾਰ ਅਤੇ 17 ਨਵੰਬਰ ਨੂੰ ਸੰਭਾਵਿਤ ਭੋਗ ਸਮਾਗਮ ਵਿੱਚ ਵੀ ਸ਼ਾਮਲ ਹੋ ਸਕਣ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਪੈਰੋਲ ਮਾਮਲੇ ਵਿੱਚ ਪਹਿਲਾਂ ਸਰਕਾਰ ਦੇ ਰੁਖ਼ ਦੀ ਉਡੀਕ ਕਰਨਗੇ ਅਤੇ ਇਸੇ ਕਾਰਨ ਤਿੰਨ ਦਿਨ ਮ੍ਰਿਤਕ ਦੇਹ ਨੂੰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਪਰਿਵਾਰ ਦੀ ਇੱਛਾ ਹੈ ਕਿ ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪੁੱਤਰ ਹਰਜੀਤ ਸਿੰਘ, ਪੋਤਰੇ ਅੰਮ੍ਰਿਤਪਾਲ ਸਿੰਘ ਅਤੇ ਦੋਹਤੇ ਸੁਖਮਨਜੀਤ ਸਿੰਘ ਦੀ ਮੌਜੂਦਗੀ ਵਿੱਚ ਹੀ ਕੀਤਾ ਜਾਵੇ।

ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਤੇਜ਼ ਕਰਦਿਆਂ ਵਕੀਲਾਂ ਦੇ ਪੈਨਲ, ਜਿਸ ਵਿੱਚ ਐਡਵੋਕੇਟ ਹਰਜੋਤ ਸਿੰਘ ਮਾਨ ਅਤੇ ਐਡਵੋਕੇਟ ਕਰਮਵੀਰ ਸਿੰਘ ਸ਼ਾਮਲ ਹਨ, ਨੇ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ 10 ਨਵੰਬਰ ਨੂੰ ਸਥਾਨਕ ਅਦਾਲਤ ਵਿੱਚ ਪੈਰੋਲ/ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਜਾਵੇਗੀ। ਇਸ ਮੌਕੇ ਜਥੇਬੰਦੀ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ, ਪ੍ਰਗਟ ਸਿੰਘ ਮੀਰਾਂਕੋਟ ਅਤੇ ਮਹਿੰਦਰਪਾਲ ਸਿੰਘ ਤੁੰਗ ਵੀ ਹਾਜ਼ਰ ਸਨ। ਇਸ ਤੋਂ ਇਲਾਵਾ, ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਇੱਕ ਵਫ਼ਦ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ, ਕਿਉਂਕਿ ਜਥੇਬੰਦੀ ਦਾ ਤਰਕ ਹੈ ਕਿ ਜੇਕਰ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ, ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਵੀ ਇਹ ਹੱਕ ਮਿਲਣਾ ਚਾਹੀਦਾ ਹੈ।

Leave a Comment

Your email address will not be published. Required fields are marked *