ਜ਼ਮੀਨੀ ਘਪਲੇ ਤੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਤੇਜ਼: ਈ.ਡੀ. ਵੱਲੋਂ ਵਿਧਾਇਕਾ ਅਮਨਦੀਪ ਅਰੋੜਾ 25 ਨਵੰਬਰ ਨੂੰ ਤਲਬ

ਮੋਗਾ , 12 ਨਵੰਬਰ 2026: ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜ਼ਮੀਨੀ ਘੁਟਾਲੇ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰਦਿਆਂ ਸਥਾਨਕ ਹਾਕਮ ਧਿਰ ਦੀ ਵਿਧਾਇਕਾ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਐਲਾਨੀ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ। ਏਜੰਸੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਆਪਣੇ ਜ਼ੋਨਲ ਦਫ਼ਤਰ ਵਿੱਚ ਜਾਂਚ ਦੇ ਘੇਰੇ ਹੇਠ ਆਈਆਂ ਜਾਇਦਾਦਾਂ ਨਾਲ ਸਬੰਧਤ ਸਾਰੇ ਰਿਕਾਰਡ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ, ਵਿਧਾਇਕਾ ਵੱਲੋਂ ਇਹ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਛਾਪੇਮਾਰੀ ਦੌਰਾਨ ਈ.ਡੀ. ਨੂੰ ਕੁਝ ਵੀ ਹਾਸਲ ਨਹੀਂ ਹੋਇਆ ਅਤੇ ਉਨ੍ਹਾਂ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ।
ਈ.ਡੀ. ਦੀ ਜਾਂਚ ਦੌਰਾਨ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਕੇਂਦਰ, ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀਆਂ ਕੀਮਤੀ ਜਾਇਦਾਦਾਂ ਦੀ ਧੋਖਾਧੜੀ ਨਾਲ ਮਾਲਕੀ ਤਬਦੀਲ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ NH-754A ਘੁਟਾਲੇ ਤੋਂ ਇਲਾਵਾ ਜ਼ੀਰਾ ਰੋਡ ‘ਤੇ ਕੇਂਦਰ ਸਰਕਾਰ ਦੀ 13 ਮਰਲੇ, ਸਿਵਲ ਲਾਈਨਜ਼ ਵਿਖੇ ਪੰਜਾਬ ਸਰਕਾਰ ਦੀ 7 ਮਰਲੇ, ਰੇਲਵੇ ਰੋਡ ‘ਤੇ ਮਾਰਕੀਟ ਕਮੇਟੀ ਦੀ 6 ਮਰਲੇ ਅਤੇ ਮੋਗਾ ਦੇ ਮਹਿਲਾ ਸਿੰਘ-3 ਇਲਾਕੇ ਵਿੱਚ ਨਗਰ ਨਿਗਮ ਦੀ 3 ਕਨਾਲ 16 ਮਰਲੇ ਸਮੇਤ ਯੂਨਾਈਟਿਡ ਚਰਚ ਆਫ਼ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਦੀ ਜ਼ਮੀਨ ਸ਼ਾਮਲ ਦੱਸੀ ਜਾ ਰਹੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਜਾਅਲੀ ਦਸਤਾਵੇਜ਼ਾਂ ਰਾਹੀਂ ਇਹ ਜਾਇਦਾਦਾਂ ਵਿਧਾਇਕਾ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੇ ਨਾਂ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ NH-754A ਘੁਟਾਲੇ ਦੇ ਇੱਕ ਮੁਲਜ਼ਮ ਦੀ ਮਦਦ ਬਦਲੇ 25 ਲੱਖ ਰੁਪਏ ਦੇ ਕਥਿਤ ਸੌਦੇ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਈ.ਡੀ. ਨੇ 4 ਨਵੰਬਰ ਨੂੰ ਵਿਧਾਇਕਾ ਦੀ ਰਿਹਾਇਸ਼ ਸਮੇਤ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦੇ ਸੱਤ ਟਿਕਾਣਿਆਂ ‘ਤੇ ਲਗਾਤਾਰ 36 ਘੰਟੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਛਾਪੇਮਾਰੀ ਤੋਂ ਬਾਅਦ ਹੁਣ ਐੱਸ.ਡੀ.ਐੱਮ. ਧਰਮਕੋਟ ਅਤੇ ਮੋਗਾ ਦਫ਼ਤਰਾਂ ਵਿੱਚ ਕਥਿਤ ਸਿਆਸੀ ਦਬਾਅ ਹੇਠ ਕਈ ਸਾਲਾਂ ਤੋਂ ਠੰਡੇ ਬਸਤੇ ਵਿੱਚ ਪਈਆਂ ਭਾਰਤਮਾਲਾ ਪ੍ਰਾਜੈਕਟ ਨਾਲ ਜੁੜੇ ਕਰੀਬ 3 ਕਰੋੜ ਰੁਪਏ ਦੇ ਹੋਰ ਵਿੱਤੀ ਘੁਟਾਲਿਆਂ ਦੀਆਂ ਫਾਈਲਾਂ ਵੀ ਮੁੜ ਖੋਲ੍ਹ ਕੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





