ਮਾਈਕ੍ਰੋਸਾਫਟ ਦੀਆਂ ਸੇਵਾਵਾਂ 5 ਘੰਟੇ ਰਹੀਆਂ ਠੱਪ; ਆਊਟਲੁੱਕ, ਟੀਮਜ਼ ਅਤੇ ਏਆਈ ਪਲੇਟਫਾਰਮ ਪ੍ਰਭਾਵਿਤ

ਵਾਸ਼ਿੰਗਟਨ , 13 ਨਵੰਬਰ:ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਨੂੰ ਆਈ ਇੱਕ ਵੱਡੀ ਤਕਨੀਕੀ ਖ਼ਰਾਬੀ ਕਾਰਨ ਆਊਟਲੁੱਕ (Outlook), ਟੀਮਜ਼ (Teams) ਅਤੇ ਹੋਰ ਮਾਈਕ੍ਰੋਸਾਫਟ 365 ਐਪਲੀਕੇਸ਼ਨਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਬੰਦ ਰਹੀਆਂ। ਇਸ ਵਿਸ਼ਵਵਿਆਪੀ ਵਿਘਨ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੰਨਾ ਹੀ ਨਹੀਂ, ਇਸ ਤਕਨੀਕੀ ਨੁਕਸ ਦਾ ਸਿੱਧਾ ਅਸਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸੇਵਾਵਾਂ ਓਪਨਏਆਈ (OpenAI) ਅਤੇ ਐਂਥ੍ਰੋਪਿਕ (Anthropic) ਵੱਲੋਂ ਵਰਤੇ ਜਾਂਦੇ ਕਨੈਕਟਰਾਂ ’ਤੇ ਵੀ ਦੇਖਣ ਨੂੰ ਮਿਲਿਆ।

ਔਨਲਾਈਨ ਸੇਵਾਵਾਂ ’ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ ‘ਡਾਊਨਡਿਟੈਕਟਰ’ ਦੇ ਅੰਕੜਿਆਂ ਅਨੁਸਾਰ, ਦੁਪਹਿਰ 1 ਵਜੇ ਦੇ ਕਰੀਬ ਆਊਟਲੁੱਕ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਸਿਖ਼ਰ ’ਤੇ ਪਹੁੰਚਦਿਆਂ 1,38,058 ਦਰਜ ਕੀਤੀਆਂ ਗਈਆਂ, ਜੋ ਸ਼ਾਮ ਤੱਕ ਘਟ ਕੇ ਲਗਭਗ 34,490 ਰਹਿ ਗਈਆਂ। ਇਸੇ ਤਰ੍ਹਾਂ ਸ਼ਾਮ 5:47 ਵਜੇ ਤੱਕ ਮਾਈਕ੍ਰੋਸਾਫਟ 365 ਨਾਲ ਸਬੰਧਤ ਸ਼ਿਕਾਇਤਾਂ ਘਟ ਕੇ 13,000 ਦੇ ਕਰੀਬ ਰਹਿ ਗਈਆਂ, ਜਦਕਿ 763 ਵਰਤੋਂਕਾਰਾਂ ਨੇ ਟੀਮਜ਼ ਐਪ ਚਲਾਉਣ ਵਿੱਚ ਮੁਸ਼ਕਲ ਪੇਸ਼ ਆਉਣ ਦੀ ਰਿਪੋਰਟ ਦਰਜ ਕਰਵਾਈ।

ਇਸ ਰੁਕਾਵਟ ਦੇ ਕਾਰਨਾਂ ਬਾਰੇ ਸਪੱਸ਼ਟ ਕਰਦਿਆਂ ਮਾਈਕ੍ਰੋਸਾਫਟ ਨੇ ਦੱਸਿਆ ਕਿ ਇਹ ਸਮੱਸਿਆ ਟਰੈਫ਼ਿਕ ਵਧਣ ਕਾਰਨ ਨਹੀਂ, ਸਗੋਂ ਵਧੇ ਹੋਏ ਲੋਡ ਹੇਠ ਕਈ ਸਰਵਰਾਂ ਦੇ ਅਚਾਨਕ ਬੰਦ ਹੋ ਜਾਣ ਕਾਰਨ ਪੈਦਾ ਹੋਈ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਮੁੱਖ ਤੌਰ ’ਤੇ ‘ਐਕਸਚੇਂਜ ਔਨਲਾਈਨ’ (Exchange Online) ਦੀਆਂ ਸੇਵਾਵਾਂ ਇਸ ਨਾਲ ਪ੍ਰਭਾਵਿਤ ਹੋਈਆਂ ਹਨ। ਕੰਪਨੀ ਵੱਲੋਂ ਟਰੈਫ਼ਿਕ ਨੂੰ ਬਦਲਵੇਂ ਰੂਟਾਂ ’ਤੇ ਤਬਦੀਲ ਕਰਕੇ ਪ੍ਰਭਾਵਿਤ ਸਰਵਰਾਂ ਨੂੰ ਮੁੜ ਔਨਲਾਈਨ ਲਿਆਉਣ ਲਈ ਜੰਗੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ, ਜਿਸ ਸਦਕਾ ਵਰਤੋਂਕਾਰਾਂ ਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।

ਇਸ ਤਕਨੀਕੀ ਖ਼ਰਾਬੀ ਦਾ ਕਾਰੋਬਾਰੀ ਗਤੀਵਿਧੀਆਂ ’ਤੇ ਵੀ ਡੂੰਘਾ ਅਸਰ ਪਿਆ। ਓਪਨਏਆਈ ਅਤੇ ਐਂਥ੍ਰੋਪਿਕ ਦੋਵਾਂ ਕੰਪਨੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਮਾਈਕ੍ਰੋਸਾਫਟ ਕਨੈਕਟਰ ਪ੍ਰਭਾਵਿਤ ਹੋਣ ਕਾਰਨ ਕਈ ਟੂਲ ਸਹੀ ਢੰਗ ਨਾਲ ਕੰਮ ਨਹੀਂ ਕਰ ਸਕੇ। ਇਸ ਤੋਂ ਇਲਾਵਾ ਇਲੈਕਟ੍ਰਿਕ ਟਰੱਕ ਨਿਰਮਾਤਾ ਕੰਪਨੀ ‘ਵਰਕਹਾਰਸ ਗਰੁੱਪ’ ਨੂੰ ਇਸ ਵਿਘਨ ਕਾਰਨ 12 ਨਵੰਬਰ ਨੂੰ ਐਲਾਨੇ ਜਾਣ ਵਾਲੇ ਆਪਣੇ ਤੀਜੀ ਤਿਮਾਹੀ ਦੇ ਵਿੱਤੀ ਨਤੀਜੇ ਮੁਲਤਵੀ ਕਰਕੇ 16 ਨਵੰਬਰ ’ਤੇ ਪਾਉਣੇ ਪਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਮਾਈਕ੍ਰੋਸਾਫਟ ਦੇ ਐਜ਼ਿਓਰ (Azure) ਕਲਾਊਡ ਪਲੇਟਫਾਰਮ ਵਿੱਚ ਆਈ ਖ਼ਰਾਬੀ ਕਾਰਨ ਦੁਨੀਆ ਭਰ ਦੇ ਕਈ ਉਦਯੋਗ ਪ੍ਰਭਾਵਿਤ ਹੋਏ ਸਨ।

Leave a Comment

Your email address will not be published. Required fields are marked *