ਜੂਨੀਅਰ ਏਸ਼ੀਆ ਕੱਪ: ਭਾਰਤੀ ਹਾਕੀ ਟੀਮਾਂ ਦੀ ਸ਼ਾਨਦਾਰ ਸ਼ੁਰੂਆਤ

ਮੋਕੀ, 6 ਸਤੰਬਰ: ਪੰਜ ਵਾਰ ਦੀ ਚੈਂਪੀਅਨ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ ਦੇ ਪੂਲ ਏ ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਇੰਡੋਨੇਸ਼ੀਆ ਨੂੰ 14-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਆਪਣੇ ਖ਼ਿਤਾਬ ਬਚਾਉਣ ਦੇ ਅਭਿਆਨ ਦਾ ਜ਼ਬਰਦਸਤ ਆਗਾਜ਼ ਕੀਤਾ ਹੈ। ਇਸ ਇੱਕਤਰਫ਼ਾ ਮੈਚ ਵਿੱਚ ਪ੍ਰਭਦੀਪ ਸਿੰਘ, ਕਪਤਾਨ ਅਨਮੋਲ ਏਕਾ ਅਤੇ ਅਜੀਤ ਯਾਦਵ ਦੀ ਤਿੱਕੜੀ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮਿਲ ਕੇ 12 ਗੋਲ ਦਾਗੇ। ਮੈਚ ਵਿੱਚ ਸਭ ਤੋਂ ਵੱਧ 5 ਗੋਲ ਕਰਨ ਵਾਲੇ ਪ੍ਰਭਦੀਪ ਸਿੰਘ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ, ਜਦਕਿ ਕਪਤਾਨ ਅਨਮੋਲ ਨੇ 4 ਗੋਲ ਅਤੇ ਅਜੀਤ ਯਾਦਵ ਨੇ ਹੈਟ੍ਰਿਕ ਲਗਾਉਂਦੇ ਹੋਏ 3 ਗੋਲ ਕੀਤੇ। ਟੀਮ ਲਈ ਬਾਕੀ ਦੋ ਗੋਲ ਹਰਪਾਲ ਅਤੇ ਆਸ਼ੂ ਮੌਰੀਆ ਨੇ ਦਾਗੇ।
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਵਿਰੋਧੀ ਟੀਮ ‘ਤੇ ਆਪਣਾ ਦਬਦਬਾ ਬਣਾ ਕੇ ਰੱਖਿਆ। ਪਹਿਲੇ ਕੁਆਰਟਰ ਵਿੱਚ ਪ੍ਰਭਦੀਪ ਅਤੇ ਹਰਪਾਲ ਦੇ ਗੋਲਾਂ ਦੀ ਬਦੌਲਤ ਭਾਰਤ ਨੇ 2-0 ਦੀ ਲੀਡ ਹਾਸਲ ਕੀਤੀ। ਦੂਜੇ ਕੁਆਰਟਰ ਵਿੱਚ ਕਪਤਾਨ ਅਨਮੋਲ ਨੇ ਪੈਨਲਟੀ ਸਟਰੋਕ ਰਾਹੀਂ, ਅਜੀਤ ਨੇ ਮੈਦਾਨੀ ਗੋਲ ਅਤੇ ਪ੍ਰਭਦੀਪ ਨੇ ਦੋ ਹੋਰ ਗੋਲ ਕਰ ਕੇ ਅੱਧੇ ਸਮੇਂ ਤੱਕ ਸਕੋਰ 6-0 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਅਨਮੋਲ ਦੇ ਦੋ ਪੈਨਲਟੀ ਕਾਰਨਰ ਗੋਲਾਂ ਅਤੇ ਪ੍ਰਭਦੀਪ ਦੇ ਚੌਥੇ ਗੋਲ ਨਾਲ ਸਕੋਰ 9-0 ਹੋ ਗਿਆ। ਆਖ਼ਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ 5 ਹੋਰ ਗੋਲ ਦਾਗੇ, ਜਿਸ ਵਿੱਚ ਅਨਮੋਲ ਦਾ ਚੌਥਾ, ਪ੍ਰਭਦੀਪ ਦਾ ਪੰਜਵਾਂ, ਅਜੀਤ ਦੀ ਹੈਟ੍ਰਿਕ ਅਤੇ ਆਸ਼ੂ ਮੌਰੀਆ ਦਾ ਪੈਨਲਟੀ ਕਾਰਨਰ ਗੋਲ ਸ਼ਾਮਲ ਸੀ।
ਦੂਜੇ ਪਾਸੇ, ਜੂਨੀਅਰ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਵੀ ਭਾਰਤੀ ਮਹਿਲਾ ਟੀਮ ਨੇ ਆਪਣੇ ਖ਼ਿਤਾਬ ਦੀ ਰੱਖਿਆ ਕਰਦਿਆਂ ਜੇਤੂ ਸ਼ੁਰੂਆਤ ਕੀਤੀ ਹੈ। ਪਿਛਲੇ ਦੋ ਐਡੀਸ਼ਨਾਂ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਕਰਾਰੀ ਮਾਤ ਦਿੱਤੀ। ਮੈਚ ਦੇ 8ਵੇਂ ਮਿੰਟ ਵਿੱਚ ਸਾਨਿਕਾ ਚੰਦਰਕਾਂਤ ਨੇ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ, ਜਿਸ ਤੋਂ ਬਾਅਦ 30ਵੇਂ ਮਿੰਟ ਵਿੱਚ ਪੂਰਨਿਮਾ ਯਾਦਵ ਨੇ ਪੈਨਲਟੀ ਕਾਰਨਰ ਰਾਹੀਂ ਲੀਡ 2-0 ਕਰ ਦਿੱਤੀ। ਤੀਜੇ ਕੁਆਰਟਰ ਵਿੱਚ ਪੂਜਾ ਸਾਹੂ ਅਤੇ 51ਵੇਂ ਮਿੰਟ ਵਿੱਚ ਮਧੂ ਸਿਦਾਰ ਨੇ ਗੋਲ ਕਰ ਕੇ ਸਕੋਰ 4-0 ਤੱਕ ਪਹੁੰਚਾਇਆ, ਜਦਕਿ ਦੱਖਣੀ ਕੋਰੀਆ ਵੱਲੋਂ ਇੱਕੋ-ਇੱਕ ਗੋਲ 57ਵੇਂ ਮਿੰਟ ਵਿੱਚ ਗਾਬਿਨ ਨੇ ਕੀਤਾ।

Leave a Comment

Your email address will not be published. Required fields are marked *