ਨੇਪਾਲ ਵਿੱਚ ਹੜ੍ਹਾਂ ਦੀ ਤਬਾਹੀ ਦਰਮਿਆਨ ਏ.ਆਈ. ਨਾਲ ਤਿਆਰ ਫ਼ਰਜ਼ੀ ਵੀਡੀਓਜ਼ ਦੀ ਭਰਮਾਰ, ਸਰਕਾਰ ਵੱਲੋਂ ਸਖ਼ਤ ਕਾਰਵਾਈ ਅਤੇ ਸ਼ਿਕਾਇਤ ਪੋਰਟਲ ਜਾਰੀ

ਕਾਠਮੰਡੂ, 31 ਅਗਸਤ: ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਗ਼ਲਤ ਸੂਚਨਾਵਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਤਿਆਰ ਕੀਤੀਆਂ ਫ਼ਰਜ਼ੀ ਤਸਵੀਰਾਂ ਤੇ ਵੀਡੀਓਜ਼ ਦਾ ਹੜ੍ਹ ਵੀ ਆ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਨੇਪਾਲ ਸਰਕਾਰ ਅਤੇ ਦੇਸ਼ ਦੇ ਮੀਡੀਆ ਰੈਗੂਲੇਟਰ ‘ਨੇਪਾਲ ਪ੍ਰੈਸ ਕੌਂਸਲ’ ਨੇ ਸਖ਼ਤ ਰੁੱਖ ਅਪਣਾਉਂਦਿਆਂ ਹੁਣ ਤੱਕ 72 ਸੋਸ਼ਲ ਮੀਡੀਆ ਉਪਭੋਗਤਾਵਾਂ (ਯੂਜ਼ਰਜ਼) ਨੂੰ ਇਤਰਾਜ਼ਯੋਗ ਅਤੇ ਗੁੰਮਰਾਹਕੁੰਨ ਸਮੱਗਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

‘ਦਿ ਕਾਠਮੰਡੂ ਪੋਸਟ’ ਦੀ ਰਿਪੋਰਟ ਮੁਤਾਬਕ, ਕੌਂਸਲ ਨੇ ਆਮ ਲੋਕਾਂ ਦੀ ਸੂਚਨਾ ਲਈ ‘ਭੋਟੇਕੋਸ਼ੀ ਘਟਨਾ’ ਨਾਮਕ ਇੱਕ ਵਿਸ਼ੇਸ਼ ਪੋਰਟਲ ਲਾਂਚ ਕੀਤਾ ਹੈ, ਜਿਸ ਰਾਹੀਂ ਆਫ਼ਤ ਨਾਲ ਸਬੰਧਤ ਗ਼ਲਤ ਜਾਣਕਾਰੀ ਅਤੇ ਇਤਰਾਜ਼ਯੋਗ ਦ੍ਰਿਸ਼ ਸਮੱਗਰੀ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਾਂਚਕਰਤਾਵਾਂ ਨੇ ਪਾਇਆ ਹੈ ਕਿ ਸੋਸ਼ਲ ਮੀਡੀਆ ‘ਤੇ ਹੜ੍ਹਾਂ ਦਾ ਨੁਕਸਾਨ ਦਿਖਾਉਣ ਵਾਲੀਆਂ ਵਾਇਰਲ ਹੋ ਰਹੀਆਂ ਕਈ ਵੀਡੀਓਜ਼ ਦੂਜੇ ਦੇਸ਼ਾਂ ਦੀਆਂ ਪੁਰਾਣੀਆਂ ਆਫ਼ਤਾਂ ਦੀਆਂ ਹਨ ਜਾਂ ਫਿਰ ਏ.ਆਈ. ਦੀ ਮਦਦ ਨਾਲ ਤਿਆਰ ਕਰਕੇ ਬਦਲੀਆਂ ਗਈਆਂ ਹਨ।

ਅਜਿਹੀ ਭਰਮਾਊ ਸਮੱਗਰੀ ਦੇ ਤੇਜ਼ੀ ਨਾਲ ਫੈਲਣ ਨਾਲ ਪ੍ਰਸ਼ਾਸਨ ਲਈ ਆਫ਼ਤ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨਾ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ, ਜਦਕਿ ਆਪਣੇ ਲਾਪਤਾ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਪਰਿਵਾਰ ਵੀ ਇਸ ਕਾਰਨ ਪਰੇਸ਼ਾਨ ਹੋ ਰਹੇ ਹਨ। ਕਈ ਯੂਜ਼ਰਜ਼ ਵੱਧ ਤੋਂ ਵੱਧ ਪਹੁੰਚ (ਰੀਚ) ਅਤੇ ਕਮਾਈ ਦੇ ਲਾਲਚ ਵਿੱਚ ਅਜਿਹੀਆਂ ਵਾਇਰਲ ਵੀਡੀਓਜ਼ ਪੋਸਟ ਕਰ ਰਹੇ ਹਨ, ਜਿਸ ਨੇ ਅਧਿਕਾਰੀਆਂ ਅਤੇ ਪੱਤਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਨੇਪਾਲ ਪ੍ਰੈੱਸ ਕੌਂਸਲ ਦੇ ਚੇਅਰਮੈਨ ਉਮੇਸ਼ ਸ਼੍ਰੇਸ਼ਠ ਅਨੁਸਾਰ, ਸ਼ਨਿੱਚਰਵਾਰ ਸ਼ਾਮ ਤੱਕ ਵਿਸ਼ੇਸ਼ ਪੋਰਟਲ ‘ਤੇ 101 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਿੱਜੀ ਖਾਤਿਆਂ ਵਿਰੁੱਧ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

Leave a Comment

Your email address will not be published. Required fields are marked *