ਆਪ’ ਵੱਲੋਂ ਪੰਜਾਬ ਚੋਣਾਂ ਲਈ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ; ਕਈ ਮੰਤਰੀਆਂ ਸਮੇਤ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ

ਚੰਡੀਗੜ੍ਹ, 13 ਨਵੰਬਰ: ਆਮ ਆਦਮੀ ਪਾਰਟੀ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ 31 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 25 ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਸਾਲ 2022 ਦੀਆਂ ਚੋਣਾਂ ਹਾਰਨ ਵਾਲੇ ਤਿੰਨ ਆਗੂਆਂ ’ਤੇ ਮੁੜ ਭਰੋਸਾ ਜਤਾਇਆ ਗਿਆ ਹੈ। ਦਿੱਲੀ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਹੋਈ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੌਮੀ ਸਕੱਤਰ ਪੰਕਜ ਗੁਪਤਾ ਨੇ ਇਹ ਸੂਚੀ ਜਾਰੀ ਕੀਤੀ। ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਜਾਰੀ ਪਹਿਲੀ ਸੂਚੀ ਵਿੱਚ 40 ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਸੀ, ਜਿਸ ਨਾਲ ਹੁਣ ਤੱਕ ਕੁੱਲ 71 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਪਾਰਟੀ ਦਸੰਬਰ ਦੇ ਅਖੀਰ ਤੱਕ ਸਾਰੇ ਉਮੀਦਵਾਰ ਐਲਾਨਣ ਦੀ ਯੋਜਨਾ ਬਣਾ ਰਹੀ ਹੈ।

ਇਸ ਦੂਜੀ ਸੂਚੀ ਵਿੱਚ ਪਾਰਟੀ ਨੇ ਕਈ ਮੌਜੂਦਾ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀਆਂ ਟਿਕਟਾਂ ਕੱਟ ਕੇ ਵੱਡਾ ਫੇਰਬਦਲ ਕੀਤਾ ਹੈ। ਟਿਕਟਾਂ ਗੁਆਉਣ ਵਾਲਿਆਂ ਵਿੱਚ ਲੰਬੀ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਖਰੜ ਤੋਂ ਅਨਮੋਲ ਗਗਨ ਮਾਨ, ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ, ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ (ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ) ਅਤੇ ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਸ਼ਾਮਲ ਹਨ। ਮੌਜੂਦਾ ਕੈਬਨਿਟ ਵਿੱਚੋਂ ਹੁਣ ਤੱਕ ਸਿਰਫ਼ ਸੰਜੀਵ ਅਰੋੜਾ ਨੂੰ ਹੀ ਟਿਕਟ ਮਿਲੀ ਹੈ। ਬਾਦਲ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਹਲਕਾ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੀ ਸੰਭਾਵਨਾ ਹੈ।

ਪਾਰਟੀ ਨੇ ਦੋ ਮੌਜੂਦਾ ਸੰਸਦ ਮੈਂਬਰਾਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਰਨਾਲਾ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ। ਜਗਰਾਓਂ ਤੋਂ ਸਰਵਜੀਤ ਕੌਰ ਮਾਣੂਕੇ ਨੂੰ ਤੀਜੀ ਵਾਰ ਅਤੇ ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੂੰ ਮੁੜ ਟਿਕਟ ਦਿੱਤੀ ਗਈ ਹੈ। 2022 ਵਿੱਚ ਹਾਰਨ ਵਾਲੇ ਰਮਨ ਬਹਿਲ ਨੂੰ ਗੁਰਦਾਸਪੁਰ, ਸ਼ਮਸ਼ੇਰ ਸਿੰਘ ਨੂੰ ਦੀਨਾਨਗਰ ਅਤੇ ਡਾ. ਕੰਵਲ ਨੈਣ ਸਿੰਘ ਕੰਗ ਨੂੰ ਦਾਖਾ ਤੋਂ ਮੁੜ ਮੌਕਾ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਪਾਰਟੀ ਨੇ ਉਨ੍ਹਾਂ 21 ਹਲਕਿਆਂ ’ਤੇ ਖਾਸ ਧਿਆਨ ਕੇਂਦਰਿਤ ਕੀਤਾ ਹੈ ਜਿੱਥੇ 2022 ਵਿੱਚ ਪਾਰਟੀ ਹਾਰ ਗਈ ਸੀ, ਜਿਨ੍ਹਾਂ ਵਿੱਚੋਂ 16 ਸੀਟਾਂ ਕਾਂਗਰਸ, ਦੋ-ਦੋ ਅਕਾਲੀ ਦਲ ਤੇ ਭਾਜਪਾ ਅਤੇ ਇੱਕ ਬਸਪਾ ਕੋਲ ਸੀ।

ਖੇਤਰ ਵਜੋਂ ਇਸ ਸੂਚੀ ਵਿੱਚ ਮਾਝੇ ਦੇ 10, ਦੋਆਬੇ ਦੇ 11 ਅਤੇ ਮਾਲਵੇ ਦੇ 10 ਹਲਕਿਆਂ ਦੇ ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 9 ਸੀਟਾਂ ਐੱਸ ਸੀ ਵਰਗ ਲਈ ਰਾਖਵੀਆਂ ਹਨ। ਪਾਰਟੀ ਨੇ ਪੰਜ ਔਰਤਾਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਵਿੱਚੋਂ ਰਾਜਾਸਾਂਸੀ ਤੋਂ ਸੋਨੀਆ ਮਾਨ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ, ਅਬੋਹਰ ਤੋਂ ਡਾ. ਸੁਹਾਨੀ ਡੋਡਾ ਅਤੇ ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਚਾਰ ਨਵੇਂ ਚਿਹਰੇ ਹਨ। ਇਸ ਤੋਂ ਇਲਾਵਾ ਦੋ ਖਿਡਾਰੀਆਂ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਨ੍ਹਾਂ ਵਿੱਚ ਪੱਟੀ ਤੋਂ ਪਹਿਲਵਾਨ ਜਸਕੰਵਰ ਸਿੰਘ ਗਿੱਲ ਉਰਫ਼ ਜੱਸਾ ਪੱਟੀ ਅਤੇ ਸ਼ਾਹਕੋਟ ਤੋਂ ਕਬੱਡੀ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰ ਸ਼ਾਮਲ ਹਨ। ਸੂਚੀ ਵਿੱਚ ਤਿੰਨ ਡਾਕਟਰ ਅਤੇ ਇੱਕ ਐਡਵੋਕੇਟ ਵੀ ਸ਼ਾਮਲ ਹਨ।

ਮੁੱਖ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਜਲੰਧਰ ਕੈਂਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਮੁਕਾਬਲੇ ਦੀਪਕ ਬਾਲੀ, ਸ੍ਰੀ ਚਮਕੌਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਐੱਸ ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਮਜੀਠਾ ਤੋਂ ਮੌਜੂਦਾ ਵਿਧਾਇਕ ਗੁਨੀਵ ਕੌਰ ਮਜੀਠੀਆ ਦੇ ਮੁਕਾਬਲੇ ਤਲਬੀਰ ਸਿੰਘ ਗਿੱਲ ਨੂੰ ਟਿਕਟ ਦਿੱਤੀ ਗਈ ਹੈ। ਬਠਿੰਡਾ ਦਿਹਾਤੀ ਤੋਂ ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ, ਸੁਜਾਨਪੁਰ ਤੋਂ ਸਵਰਨ ਐੱਸ ਸਲਾਰੀਆ, ਪਠਾਨਕੋਟ ਤੋਂ ਰੋਹਿਤ ਸਿਆਲ, ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ, ਫ਼ਤਿਹਗੜ੍ਹ ਚੂੜੀਆਂ ਤੋਂ ਹਰਜੋਬਨਜੀਤ ਸਿੰਘ ਰੰਧਾਵਾ, ਅੰਮ੍ਰਿਤਸਰ ਉੱਤਰੀ ਤੋਂ ਕਰਮਜੀਤ ਸਿੰਘ ਰਿੰਟੂ, ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ, ਜਲੰਧਰ ਕੇਂਦਰੀ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਤੋਂ ਵਨੀਤ ਧੀਰ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ, ਨਵਾਂ ਸ਼ਹਿਰ ਤੋਂ ਰੌਬੀ ਕੰਗ ਅਤੇ ਖਰੜ ਤੋਂ ਪਰਮਿੰਦਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਪਾਰਟੀ ਅਗਾਮੀ ਚੋਣਾਂ ਵਿੱਚ ਆਪਣੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੇ ਆਧਾਰ ’ਤੇ ਲੋਕਾਂ ਤੋਂ ਫ਼ਤਵਾ ਮੰਗੇਗੀ। ਉਨ੍ਹਾਂ 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਵਿੱਤੀ ਸਹਾਇਤਾ, ਨਹਿਰੀ ਪਾਣੀ ਅਤੇ ਤੀਰਥ ਯਾਤਰਾ ਸਕੀਮ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਕੋਈ ਲੌਬਿੰਗ ਨਹੀਂ ਹੁੰਦੀ ਅਤੇ ਸਰਵੇਖਣਾਂ ਵਿੱਚ ਜਿੱਤਣ ਦੀ ਸਮਰੱਥਾ ਦੇਖਣ ਤੋਂ ਬਾਅਦ ਹੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Leave a Comment

Your email address will not be published. Required fields are marked *