
ਨਵੀਂ ਦਿੱਲੀ ,12 ਨਵੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਿਸਾਨਾਂ, ਉੱਦਮੀਆਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਕਈ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਹਾੜ੍ਹੀ ਸੀਜ਼ਨ 2026-27 (ਅਕਤੂਬਰ 2026 ਤੋਂ 31 ਮਾਰਚ 2027 ਤੱਕ) ਲਈ ਫਾਸਫੈਟਿਕ ਅਤੇ ਪੋਟਾਸ਼ (P&K) ਖਾਦਾਂ ‘ਤੇ 62,370 ਕਰੋੜ ਰੁਪਏ ਦੀ ਪੋਸ਼ਕ ਤੱਤ ਆਧਾਰਿਤ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਛਮੀ ਏਸ਼ੀਆ ਸੰਕਟ ਅਤੇ ਰੂਸ-ਯੂਕਰੇਨ ਜੰਗ ਕਾਰਨ ਕੌਮਾਂਤਰੀ ਪੱਧਰ ‘ਤੇ ਵਧੀਆਂ ਕੀਮਤਾਂ ਦੇ ਬਾਵਜੂਦ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਡੀ.ਏ.ਪੀ. (DAP) ਦੀ 50 ਕਿਲੋਗ੍ਰਾਮ ਬੋਰੀ ਦੀ ਕੀਮਤ 1,350 ਰੁਪਏ ਹੀ ਬਰਕਰਾਰ ਰੱਖੀ ਗਈ ਹੈ, ਜਦਕਿ NPKS ਸ਼੍ਰੇਣੀ ਦੀਆਂ ਖਾਦਾਂ ‘ਤੇ ਵੀ ਮਨਜ਼ੂਰਸ਼ੁਦਾ ਦਰਾਂ ਅਨੁਸਾਰ ਸਬਸਿਡੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਕੈਬਨਿਟ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਦਿੱਤੇ ਜਾਣ ਵਾਲੇ ਕਰਜ਼ਿਆਂ ਲਈ ਕ੍ਰੈਡਿਟ ਗਾਰੰਟੀ ਫੰਡ ਨੂੰ ਪੰਜ ਸਾਲ ਵਧਾ ਕੇ ਮਾਰਚ 2031 ਤੱਕ ਕਰਨ ਅਤੇ ‘ਸਟੈਂਡ-ਅੱਪ ਇੰਡੀਆ’ ਯੋਜਨਾ ਨੂੰ ਅਗਲੇ ਪੰਜ ਸਾਲਾਂ ਲਈ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਦੂਜੇ ਪਾਸੇ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਨਵੀਂ ਦਿੱਲੀ ਸਥਿਤ ਉੱਤਰੀ ਅਤੇ ਦੱਖਣੀ ਬਲਾਕ ਕੰਪਲੈਕਸ ਦੀ ਮੁੜ ਵਰਤੋਂ ਰਾਹੀਂ ‘ਯੁਗੇ ਯੁਗੀਨ ਭਾਰਤ ਮਿਊਜ਼ੀਅਮ’ ਵਿਕਸਤ ਕਰਨ ਲਈ 3,230 ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਨੋਇਡਾ ਸੈਕਟਰ 51 ਤੋਂ ਗ੍ਰੇਟਰ ਨੋਇਡਾ ਸੈਕਟਰ 4 ਤੱਕ ਐਕੂਆ ਲਾਈਨ ਮੈਟਰੋ ਰੇਲ ਗਲਿਆਰੇ ਦੇ ਵਿਸਤਾਰ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ 2,390 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਨ ਵਾਲੇ 8.499 ਕਿਲੋਮੀਟਰ ਲੰਬੇ ਰੂਟ ‘ਤੇ ਪੰਜ ਐਲੀਵੇਟਿਡ ਸਟੇਸ਼ਨ ਉਸਾਰੇ ਜਾਣਗੇ।





