
ਨਵੀਂ ਦਿੱਲੀ, 31 ਅਗਸਤ: ਨਵੀਂ ਦਿੱਲੀ ਵਿੱਚ ਵਿਸ਼ੇਸ਼ ਵਿਆਪਕ ਸੁਧਾਰ (SIR) ਮੁਹਿੰਮ ਤੋਂ ਬਾਅਦ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚੋਂ 47.56 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ, ਜੋ ਕੁੱਲ ਵੋਟਰਾਂ ਦਾ 32.78 ਫੀਸਦੀ ਬਣਦਾ ਹੈ। ਚੋਣ ਕਮਿਸ਼ਨ ਵੱਲੋਂ ਹਟਾਏ ਗਏ ਵੋਟਰਾਂ ਵਿੱਚ ਸਭ ਤੋਂ ਵੱਡਾ ਹਿੱਸਾ 43.32 ਲੱਖ (29.86 ਫੀਸਦੀ) ਵੋਟਰਾਂ ਦਾ ਹੈ, ਜੋ ਪੱਕੇ ਤੌਰ ‘ਤੇ ਦੂਜੀ ਥਾਂ ਚਲੇ ਗਏ ਹਨ ਜਾਂ ਗੈਰ-ਹਾਜ਼ਰ ਪਾਏ ਗਏ ਹਨ। ਇਸ ਤੋਂ ਇਲਾਵਾ 2.82 ਲੱਖ ਵੋਟਰਾਂ ਨੂੰ ਮ੍ਰਿਤਕ ਅਤੇ 1.41 ਲੱਖ ਵੋਟਰਾਂ ਨੂੰ ਇੱਕ ਤੋਂ ਵੱਧ ਥਾਵਾਂ ‘ਤੇ ਦਰਜ ਹੋਣ ਕਾਰਨ ਹਟਾਇਆ ਗਿਆ ਹੈ, ਜਿਨ੍ਹਾਂ ਨੂੰ ਹੁਣ ਕੇਵਲ ਇੱਕ ਹੀ ਥਾਂ ‘ਤੇ ਰੱਖਿਆ ਜਾਵੇਗਾ।
ਇਸ ਸੁਧਾਰ ਪ੍ਰਕਿਰਿਆ ਦੀ ਸ਼ੁਰੂਆਤ ਸਮੇਂ ਦਿੱਲੀ ਵਿੱਚ ਕੁੱਲ 1.45 ਕਰੋੜ ਵੋਟਰ ਦਰਜ ਸਨ, ਜਿਨ੍ਹਾਂ ਵਿੱਚੋਂ 97.53 ਲੱਖ ਗਣਨਾ ਫਾਰਮ ਪ੍ਰਾਪਤ ਹੋਏ ਸਨ। ਮੌਜੂਦਾ ਡਰਾਫਟ ਸੂਚੀ ਵਿੱਚ 49.88 ਲੱਖ ਪੁਰਸ਼, 47.64 ਲੱਖ ਮਹਿਲਾਵਾਂ ਅਤੇ 447 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅਨੁਸਾਰ 3.33 ਲੱਖ ਵੋਟਰਾਂ ਨਾਲ ਮਟਿਆਲਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਹੈ, ਜਦੋਂ ਕਿ ਦਿੱਲੀ ਕੈਂਟ 41,654 ਵੋਟਰਾਂ ਨਾਲ ਸਭ ਤੋਂ ਛੋਟਾ ਹਲਕਾ ਹੈ।
ਚੋਣ ਕਮਿਸ਼ਨ ਵੱਲੋਂ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜੋ 30 ਸਤੰਬਰ ਤੱਕ ਚੱਲੇਗੀ। ਇਸ ਤੋਂ ਬਾਅਦ ਨੋਟਿਸ ਜਾਰੀ ਕਰਨ ਅਤੇ ਦਾਅਵਿਆਂ ਦੇ ਨਿਪਟਾਰੇ ਦਾ ਕੰਮ 29 ਅਕਤੂਬਰ ਤੱਕ ਚੱਲੇਗਾ ਅਤੇ ਅੰਤਿਮ ਵੋਟਰ ਸੂਚੀ 4 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਜਿਹੜੇ ਵੋਟਰ ਨਿਰਧਾਰਤ ਸਮੇਂ ਦੌਰਾਨ ਆਪਣੇ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ, ਉਹ ਇਸ ਸਮਾਂ-ਸੀਮਾ ਦੌਰਾਨ ਘੋਸ਼ਣਾ ਪੱਤਰ ਦੇ ਨਾਲ ਫਾਰਮ 6 ਭਰ ਕੇ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦੇ ਹਨ।





