
ਨਵੀਂ ਦਿੱਲੀ, 21 ਸਤੰਬਰ: ਭਾਰਤ ਵਿੱਚ ਸਕੂਲੀ ਬੱਚਿਆਂ ਵਿੱਚ ਆਇਓਡੀਨ ਪੋਸ਼ਣ ਦੇ ਪਹਿਲੇ ਦੇਸ਼ ਵਿਆਪੀ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਯੂਨੀਵਰਸਲ ਸਾਲਟ ਆਇਓਡੀਜ਼ੇਸ਼ਨ ਪ੍ਰੋਗਰਾਮ ਤਹਿਤ ਨਮਕ ਵਿੱਚ ਆਇਓਡੀਨ ਮਿਲਾਉਣ ਨਾਲ ਗਿੱਲ੍ਹੜ ਰੋਗ ਦੀ ਦਰ 2003 ਵਿੱਚ 23.5 ਪ੍ਰਤੀਸ਼ਤ ਤੋਂ ਘਟ ਕੇ 2024-2025 ਵਿੱਚ 10.3 ਪ੍ਰਤੀਸ਼ਤ ਰਹਿ ਗਈ ਹੈ। ਹਾਲਾਂਕਿ, ਇਸੇ ਸਟੱਡੀ ਵਿੱਚ ਥਾਇਰਾਇਡ ਆਟੋਇਮਿਊਨਿਟੀ ਵਿੱਚ ਵੀ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸਰੀਰ ਦਾ ਇਮਿਊਨ ਸਿਸਟਮ ਗਲਤੀ ਨਾਲ ਥਾਇਰਾਇਡ ਗ੍ਰੰਥੀ ਉੱਤੇ ਹਮਲਾ ਕਰਨ ਲੱਗਦਾ ਹੈ।
ਹਾਲ ਹੀ ਵਿੱਚ ‘ਦਿ ਲੈਂਸੈਟ ਰੀਜਨਲ ਹੈਲਥ, ਸਾਊਥਈਸਟ ਏਸ਼ੀਆ’ ਵਿੱਚ ਪ੍ਰਕਾਸ਼ਤ ਇਸ ਸਟੱਡੀ ਵਿੱਚ ਜਨਵਰੀ 2024 ਤੋਂ ਦਸੰਬਰ 2025 ਦੇ ਵਿਚਕਾਰ ਭਾਰਤ ਦੇ ਅੱਠ ਖੇਤਰਾਂ ਵਿੱਚ 10 ਤੋਂ 18 ਸਾਲ ਦੀ ਉਮਰ ਦੇ 8,903 ਬੱਚਿਆਂ ਦੀ ਜਾਂਚ ਕੀਤੀ ਗਈ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਿੱਥੇ ਗ੍ਰੇਡ 2 ਦਾ ਗਿੱਲ੍ਹੜ ਹੁਣ ਲਗਭਗ ਦੇਖਣ ਨੂੰ ਹੀ ਨਹੀਂ ਮਿਲਦਾ, ਉੱਥੇ ਹੀ 13 ਪ੍ਰਤੀਸ਼ਤ ਬੱਚਿਆਂ ਵਿੱਚ ਸਬਕਲਿਨਕਲ ਹਾਈਪੋਥਾਇਰਾਇਡਿਜ਼ਮ ਅਤੇ 10.4 ਪ੍ਰਤੀਸ਼ਤ ਬੱਚਿਆਂ ਵਿੱਚ ਐਂਟੀ-ਥਾਇਰਾਇਡ ਪਰੌਕਸੀਡੇਜ਼ (anti-TPO) ਐਂਟੀਬਾਡੀਜ਼ ਪਾਈਆਂ ਗਈਆਂ ਹਨ, ਜੋ ਕਿ ਥਾਇਰਾਇਡ ਆਟੋਇਮਿਊਨਿਟੀ ਦਾ ਸੰਕੇਤ ਦਿੰਦੀਆਂ ਹਨ।
ਮਾਹਰਾਂ ਮੁਤਾਬਕ ਇਸ ਵਾਧੇ ਦੀ ਇੱਕ ਸੰਭਾਵਿਤ ਵਜ੍ਹਾ ਲੋੜ ਤੋਂ ਵੱਧ ਆਇਓਡੀਨ ਦਾ ਸੰਪਰਕ ਹੋ ਸਕਦੀ ਹੈ। ਹਾਲਾਂਕਿ, ਖੋਜਕਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਦੇਸ਼ ਨੂੰ ਨਮਕ ਵਿੱਚ ਆਇਓਡੀਨ ਮਿਲਾਉਣ ਦਾ ਪ੍ਰੋਗਰਾਮ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਪ੍ਰੋਗਰਾਮ ਨੇ ਗਰਭ ਅਵਸਥਾ ਅਤੇ ਬਚਪਨ ਦੌਰਾਨ ਆਇਓਡੀਨ ਦੀ ਕਮੀ ਨਾਲ ਹੋਣ ਵਾਲੇ ਗੰਭੀਰ ਨੁਕਸਾਨਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਾਹਰਾਂ ਨੇ ਯੂਨੀਵਰਸਲ ਸਾਲਟ ਆਇਓਡੀਜ਼ੇਸ਼ਨ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਨਾਲ-ਨਾਲ ਗੁਣਵੱਤਾ ਉੱਤੇ ਕੰਟਰੋਲ ਰੱਖਣ ਅਤੇ ਥਾਇਰਾਇਡ ਆਟੋਇਮਿਊਨਿਟੀ ਦੀ ਵੱਧ ਰਹੀ ਦਰ ਉੱਤੇ ਨਜ਼ਰ ਰੱਖਣ ਲਈ ਸਮੇਂ-ਸਮੇਂ ਉੱਤੇ ਦੇਸ਼ ਵਿਆਪੀ ਸਰਵੇਖਣ ਕਰਨ ਦੀ ਮੰਗ ਵੀ ਕੀਤੀ ਹੈ।





