
ਨਵੀਂ ਦਿੱਲੀ,31ਅਕਤੂਬਰ:ਦਿੱਲੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਮਾਣਹਾਨੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਨਵੇਂ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਵਿਵਾਦ 2018 ਦਾ ਹੈ, ਜਦੋਂ ਵਿਕਾਸ ਸੰਸਕ੍ਰਿਤੀਆਇਨ ਉਰਫ਼ ਵਿਕਾਸ ਪਾਂਡੇ ਨੇ ਧਰੁਵ ਰਾਠੀ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਾਂਡੇ ਦਾ ਦੋਸ਼ ਸੀ ਕਿ ਰਾਠੀ ਨੇ ਆਪਣੇ ਯੂਟਿਊਬ ਚੈਨਲ ‘ਤੇ ਉਨ੍ਹਾਂ ਵਿਰੁੱਧ ਇੱਕ ਇਤਰਾਜ਼ਯੋਗ ਵੀਡੀਓ ਅੱਪਲੋਡ ਕੀਤੀ ਸੀ।
ਜੁਡੀਸ਼ੀਅਲ ਮੈਜਿਸਟ੍ਰੇਟ ਰਾਹੁਲ ਜੈਨ ਦੀ ਅਦਾਲਤ ਵੱਲੋਂ ਇਹ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਵੀ ਵਾਰੰਟ ਜਾਰੀ ਕੀਤੇ ਗਏ ਸਨ ਕਿਉਂਕਿ ਨੋਟਿਸ ਤਾਮੀਲ ਕਰਵਾਉਣ ਸਮੇਂ ਰਾਠੀ ਦਾ ਘਰ ਬੰਦ ਪਾਇਆ ਗਿਆ ਸੀ। ਸ਼ਿਕਾਇਤਕਰਤਾ ਦੇ ਵਕੀਲ ਅਨੁਸਾਰ, ਧਰੁਵ ਰਾਠੀ ਆਮ ਤੌਰ ‘ਤੇ ਆਸਟਰੀਆ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪਹਿਲੀ ਵਾਰ ਜੁਲਾਈ 2019 ਵਿੱਚ ਸੰਮਨ ਭੇਜਿਆ ਗਿਆ ਸੀ। ਅਦਾਲਤ ਨੇ ਹੁਣ ਗੁਰੂਗ੍ਰਾਮ (ਹਰਿਆਣਾ) ਸਥਿਤ ਉਨ੍ਹਾਂ ਦੇ ਪਤੇ ‘ਤੇ ਵੀ ਨਵੇਂ ਸੰਮਨ ਜਾਰੀ ਕੀਤੇ ਹਨ।





