ਚੰਡੀਗੜ੍ਹ ਵਿੱਚ ਦੂਜੀ ਕੌਮਾਂਤਰੀ ਮੈਰਾਥਨ 22 ਨਵੰਬਰ ਨੂੰ: 7,000 ਐਥਲੀਟ ਲੈਣਗੇ ਹਿੱਸਾ, ਪ੍ਰਸ਼ਾਸਨ ਵੱਲੋਂ ਤਿਆਰੀਆਂ ਤੇਜ਼

ਚੰਡੀਗੜ੍ਹ ,12 ਨਵੰਬਰ 2026: ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ 22 ਨਵੰਬਰ ਨੂੰ ਦੂਜੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ ਸੱਤ ਹਜ਼ਾਰ ਨਾਮਵਰ ਦੌੜਾਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਵੱਕਾਰੀ ਖੇਡ ਸਮਾਗਮ ਨੂੰ ਸਫ਼ਲ ਬਣਾਉਣ ਲਈ ਯੂ.ਟੀ. ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਯੂ.ਟੀ. ਸਕੱਤਰੇਤ ਵਿਖੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਖੇਡ ਵਿਭਾਗ ਦੀ ਸਕੱਤਰ ਪ੍ਰੇਰਣਾ ਪੁਰੀ ਨੇ ਦੱਸਿਆ ਕਿ ਮੁੱਖ ਮੈਰਾਥਨ ਤੋਂ ਇੱਕ ਦਿਨ ਪਹਿਲਾਂ 21 ਨਵੰਬਰ ਨੂੰ ਸ਼ਹਿਰ ਵਿੱਚ ਵਿਸ਼ੇਸ਼ ‘ਬਿਬ ਐਕਸਪੋ’ ਵੀ ਕਰਵਾਇਆ ਜਾਵੇਗਾ। ਮੁੱਖ ਸਕੱਤਰ ਨੇ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਕੌਮਾਂਤਰੀ ਆਯੋਜਨਾਂ ਨਾਲ ਚੰਡੀਗੜ੍ਹ ਦੀ ਪਛਾਣ ਵਿਸ਼ਵ ਪੱਧਰੀ ਖੇਡ ਕੇਂਦਰ ਵਜੋਂ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਉਤਸ਼ਾਹ ਵਧੇਗਾ।

ਖੇਡ ਵਿਭਾਗ ਦੇ ਡਾਇਰੈਕਟਰ ਸੌਰਭ ਕੁਮਾਰ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਦੌੜਾਕਾਂ ਵੱਲੋਂ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅਗਲੇ ਚਾਰ ਦਿਨਾਂ ਤੱਕ ਹੋਰ ਖੁੱਲ੍ਹੀ ਰਹੇਗੀ। ਮੀਟਿੰਗ ਵਿੱਚ ਟਰੈਫਿਕ ਪ੍ਰਬੰਧਨ, ਸੁਰੱਖਿਆ, ਐਮਰਜੈਂਸੀ ਮੈਡੀਕਲ ਸਹਾਇਤਾ, ਨਾਗਰਿਕ ਸਹੂਲਤਾਂ ਅਤੇ ਸਫ਼ਾਈ ਵਿਵਸਥਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ, ਜਿਸ ‘ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿੱਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਖੇਡ ਸਕੱਤਰ ਪ੍ਰੇਰਣਾ ਪੁਰੀ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਐੱਸ.ਐੱਸ.ਪੀ. ਟਰੈਫਿਕ ਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ, ਡਾਇਰੈਕਟਰ ਖੇਡਾਂ ਸੌਰਭ ਕੁਮਾਰ ਅਰੋੜਾ ਸਮੇਤ ਨਗਰ ਨਿਗਮ, ਸਿਹਤ, ਪੁਲੀਸ, ਟਰਾਂਸਪੋਰਟ ਅਤੇ ਸਕੂਲ ਸਿੱਖਿਆ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Leave a Comment

Your email address will not be published. Required fields are marked *