
ਚੰਡੀਗੜ੍ਹ, 10 ਨਵੰਬਰ: ਦੀਵਾਲੀ ਦੇ ਤਿਉਹਾਰ ਮੌਕੇ ਦਿਨ ਵੇਲੇ ਖੇਤਾਂ ਵਿੱਚ ਪਰਾਲੀ ਸਾੜਨ ਅਤੇ ਰਾਤ ਸਮੇਂ ਚੱਲੇ ਪਟਾਕਿਆਂ ਦੇ ਧੂੰਏਂ ਨੇ ਪੰਜਾਬ ਦੀ ਹਵਾ ਨੂੰ ਬੇਹੱਦ ਜ਼ਹਿਰੀਲਾ ਬਣਾ ਦਿੱਤਾ ਹੈ। 15 ਸਤੰਬਰ ਤੋਂ ਬਾਅਦ ਦੀਵਾਲੀ ਵਾਲਾ ਦਿਨ ਅਜਿਹਾ ਰਿਹਾ ਜਦੋਂ ਸੂਬੇ ਵਿੱਚ ਪਰਾਲੀ ਸਾੜਨ ਦੇ ਰਿਕਾਰਡ 1152 ਮਾਮਲੇ ਦਰਜ ਕੀਤੇ ਗਏ। ਜਿੱਥੇ 7 ਨਵੰਬਰ ਨੂੰ ਸਿਰਫ਼ 163 ਕੇਸ ਸਾਹਮਣੇ ਆਏ ਸਨ, ਉੱਥੇ ਹੀ ਦੀਵਾਲੀ ਵਾਲੇ ਦਿਨ ਇਨ੍ਹਾਂ ਦੀ ਗਿਣਤੀ ਅਚਾਨਕ ਵਧ ਕੇ 1152 ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ ਮੌਜੂਦਾ ਸੀਜ਼ਨ ਦਾ ਸਭ ਤੋਂ ਵੱਡਾ ਅੰਕੜਾ 3 ਨਵੰਬਰ ਨੂੰ 584 ਕੇਸਾਂ ਦਾ ਸੀ। ਹੁਣ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 4459 ਮਾਮਲੇ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਰਨ ਤਾਰਨ ਜ਼ਿਲ੍ਹਾ 654 ਕੇਸਾਂ ਨਾਲ ਪਹਿਲੇ ਅਤੇ ਫਿਰੋਜ਼ਪੁਰ 592 ਕੇਸਾਂ ਨਾਲ ਦੂਜੇ ਸਥਾਨ ‘ਤੇ ਹੈ।
ਦੂਜੇ ਪਾਸੇ, ਦੀਵਾਲੀ ਵਾਲੀ ਰਾਤ ਨਿਰਧਾਰਤ ਸਮੇਂ ਤੋਂ ਬਾਅਦ ਵੀ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਸੂਬੇ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪੁਲੀਸ ਨੇ ਵੀ ਪਟਾਕਿਆਂ ਦੇ ਸ਼ੋਰ ਨੂੰ ਰੋਕਣ ਵਿੱਚ ਜ਼ਿਆਦਾ ਸਖ਼ਤੀ ਨਹੀਂ ਦਿਖਾਈ, ਜਦੋਂ ਕਿ ਪ੍ਰਸ਼ਾਸਨ ਵੱਲੋਂ ਵੀ ਕਈ ਜ਼ਿਲ੍ਹਿਆਂ ਵਿੱਚ ਪਟਾਕੇ ਵੇਚਣ ਦੇ ਲਾਇਸੈਂਸ ਖੁੱਲ੍ਹਦਿਲੀ ਨਾਲ ਜਾਰੀ ਕੀਤੇ ਗਏ। ਇਸ ਕਾਰਨ ਐਤਕੀਂ ਪਟਾਕਿਆਂ ਦੀ ਵਿਕਰੀ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਰਹੀ ਅਤੇ ਸ਼ਹਿਰਾਂ ਦੇ ਅੰਦਰੂਨੀ ਹਿੱਸੇ ਧੂੰਏਂ ਦੀ ਚਾਦਰ ਵਿੱਚ ਲਿਪਟੇ ਰਹੇ।
ਵਧਦੇ ਪ੍ਰਦੂਸ਼ਣ ਕਾਰਨ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (AQI) ਆਮ ਨਾਲੋਂ ਕਿਤੇ ਵੱਧ ਖ਼ਰਾਬ ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ 445 ਤੱਕ ਪਹੁੰਚ ਕੇ ‘ਗੰਭੀਰ ਸ਼੍ਰੇਣੀ’ ਵਿੱਚ ਸ਼ਾਮਲ ਹੋ ਗਈ, ਜੋ ਬਾਅਦ ਵਿੱਚ ਘਟ ਕੇ 362 ‘ਤੇ ਆਈ। ਦੀਵਾਲੀ ਦੀ ਰਾਤ ਨੂੰ ਜਲੰਧਰ ਵਿੱਚ ਏ.ਕਿਊ.ਆਈ. 336, ਲੁਧਿਆਣਾ ਵਿੱਚ 292 ਅਤੇ ਪਟਿਆਲਾ ਵਿੱਚ 221 ਰਿਕਾਰਡ ਕੀਤਾ ਗਿਆ। ਜ਼ਹਿਰੀਲੀ ਹੋਈ ਇਸ ਹਵਾ ਦਾ ਸਭ ਤੋਂ ਮਾੜਾ ਅਸਰ ਦਮੇ ਦੇ ਮਰੀਜ਼ਾਂ ‘ਤੇ ਪਿਆ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਵਿੱਚ ਅੱਖਾਂ ਤੇ ਨੱਕ ਦੀ ਐਲਰਜੀ ਦੀਆਂ ਸ਼ਿਕਾਇਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ।





