
ਕਾਠਮਾਂਡੂ, 2 ਸਤੰਬਰ: ਇੱਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਨੇਪਾਲ ਵਿੱਚ ਆਏ ਭਿਆਨਕ ਅਚਾਨਕ ਹੜ੍ਹਾਂ (ਫਲੈਸ਼ ਫਲੱਡ) ਕਾਰਨ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਪੁਲੀਸ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਇਸ ਹਿਮਾਲਿਆਈ ਤਬਾਹੀ ਵਿੱਚ ਮਾਰਨ ਵਾਲਿਆਂ ਦੀ ਗਿਣਤੀ ਵਧ ਕੇ 1,127 ਤੱਕ ਪਹੁੰਚ ਗਈ ਹੈ, ਜਦਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਦਿਨ-ਰਾਤ ਮਲਬੇ ਹੇਠ ਦੱਬੇ ਅਤੇ ਹੜ੍ਹ ‘ਚ ਰੁੜ੍ਹ ਗਏ ਲੋਕਾਂ ਦੀ ਭਾਲ ਲਈ ਮੁਹਿੰਮ ਚਲਾ ਰਹੀਆਂ ਹਨ।
ਸਭ ਤੋਂ ਵੱਧ ਨੁਕਸਾਨ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੋਇਆ ਹੈ, ਜਿੱਥੋਂ ਚਿਤਵਨ ਤੋਂ 348, ਨਵਲਪਰਾਸੀ ਪੂਰਬ ਤੋਂ 217, ਨਵਲਪਰਾਸੀ ਪੱਛਮ ਤੋਂ 190 ਅਤੇ ਨੁਵਾਕੋਟ ਤੋਂ 155 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਗੋਰਖਾ, ਧਾਦਿੰਗ, ਰਸੂਵਾ ਅਤੇ ਤਨਾਹੂ ਜ਼ਿਲ੍ਹਿਆਂ ਵਿੱਚ ਵੀ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਨੇਪਾਲ ਪੁਲੀਸ ਅਨੁਸਾਰ 1,113 ਲਾਸ਼ਾਂ ਦਾ ਪੋਸਟਮਾਰਟਮ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ 95 ਲਾਸ਼ਾਂ ਪਰਿਵਾਰਾਂ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ। ਬਾਕੀ 911 ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨੇਪਾਲ ਪੁਲੀਸ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕੀਤੇ ਗਏ ਹਨ ਤਾਂ ਜੋ ਪੀੜਤ ਪਰਿਵਾਰ ਆਪਣੇ ਲਾਪਤਾ ਮੈਂਬਰਾਂ ਦੀ ਸ਼ਨਾਖਤ ਕਰ ਸਕਣ। ਇਹ ਭਿਆਨਕ ਹਾਦਸਾ 26 ਅਗਸਤ ਨੂੰ ਨੇਪਾਲ-ਤੀਬੱਤ ਸਰਹੱਦ ਨੇੜੇ ਗਲੇਸ਼ੀਅਰ ਢਹਿਣ ਅਤੇ ਚਟਾਨਾਂ ਖਿਸਕਣ ਕਾਰਨ ਵਾਪਰਿਆ ਸੀ, ਜਿਸ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ।
ਲਾਪਤਾ ਲੋਕਾਂ ਵਿੱਚ ਉੱਤਰੀ ਟੈਕਸਾਸ ਦੇ ਭਾਰਤੀ ਮੂਲ ਦੇ ਕਾਰੋਬਾਰੀ ਦੀਪਕ ਆਹੂਜਾ (60) ਅਤੇ ਉਨ੍ਹਾਂ ਦੀ ਪਤਨੀ ਮਧੂ ਆਹੂਜਾ (57) ਵੀ ਸ਼ਾਮਲ ਹਨ, ਜੋ ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਪਰਤਦੇ ਸਮੇਂ ਚੀਨ-ਨੇਪਾਲ ਸਰਹੱਦ ਨੇੜੇ ਗਾਇਰੋਂਗ ਪੋਰਟ ਕੋਲ ਸੰਚਾਰ ਠੱਪ ਹੋਣ ਤੋਂ ਬਾਅਦ ਲਾਪਤਾ ਹੋ ਗਏ। ਇਸ ਤੋਂ ਇਲਾਵਾ ਟੈਕਸਾਸ ਦਾ ਇੱਕ ਹੋਰ ਜੋੜਾ—ਅਰਚਨਾ ਸੁਰੇਸ਼ ਅਤੇ ਰਘੂ ਰਾਜਨ—ਵੀ ਰਸੂਵਾਗੜ੍ਹੀ-ਤਿਮੁਰੇ ਖੇਤਰ ਤੋਂ ਲਾਪਤਾ ਹੈ। ਅਮਰੀਕੀ ਕੌਂਸਲੇਟ ਅਨੁਸਾਰ ਪ੍ਰਭਾਵਿਤ ਨਦੀ ਘਾਟੀ ਖੇਤਰ ਵਿੱਚੋਂ ਸ਼ੁਰੂਆਤ ਵਿੱਚ ਲਗਭਗ 85 ਤੋਂ 90 ਅਮਰੀਕੀ ਨਾਗਰਿਕ ਲਾਪਤਾ ਦੱਸੇ ਗਏ ਸਨ।





