ਪਨਾਮਾ ਵਿੱਚ 7.6 ਤੀਬਰਤਾ ਦਾ ਭੂਚਾਲ: ਬਿਜਲੀ ਸਪਲਾਈ ਠੱਪ, ਕੌਮਾਂਤਰੀ ਹਵਾਈ ਅੱਡਾ ਬੰਦ ਅਤੇ ਕਈ ਦੇਸ਼ਾਂ ਵਿੱਚ ਸੁਨਾਮੀ ਦੀ ਚਿਤਾਵਨੀ

ਪਨਾਮਾ ਸਿਟੀ,  10 ਅਕਤੂਬਰ :ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਸ਼ੁੱਕਰਵਾਰ ਨੂੰ 7.6 ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਸਮੇਤ ਗੁਆਂਢੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਮੁਤਾਬਕ ਇਸ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਪਨਾਮਾ ਦੇ ਦੱਖਣੀ ਸਿਰੇ ਨੇੜੇ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਡਰ ਕੇ ਆਪਣੇ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਸੜਕਾਂ ‘ਤੇ ਆ ਗਏ। ਇਸ ਕੁਦਰਤੀ ਆਫ਼ਤ ਕਾਰਨ ਪਨਾਮਾ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਸੂਬਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਵੇਰਾਗੁਆਸ, ਹੇਰੇਰਾ ਅਤੇ ਲੋਸ ਸਾਂਤੋਸ ਸੂਬਿਆਂ ਵਿੱਚ ਨੁਕਸਾਨ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਹਾਲਾਂਕਿ ਰਾਜਧਾਨੀ ਪਨਾਮਾ ਸਿਟੀ ਵਿੱਚ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਸ ਭੂਚਾਲ ਤੋਂ ਬਾਅਦ ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਇਕਵਾਡੋਰ, ਪੇਰੂ, ਨਿਕਾਰਾਗੁਆ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਮੈਕਸਿਕੋ ਸਮੇਤ ਕਈ ਦੇਸ਼ਾਂ ਦੇ ਤੱਟੀ ਇਲਾਕਿਆਂ ਵਿੱਚ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨੈਸ਼ਨਲ ਸਿਵਲ ਪ੍ਰੋਟੈਕਸ਼ਨ ਸਰਵਿਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

Leave a Comment

Your email address will not be published. Required fields are marked *