
ਬਰਨਾਲਾ, 31 ਅਗਸਤ: ਹੰਡਿਆਇਆ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਕੁਲਦੀਪ ਸੂਦ (76) ਦਾ ਸੰਖੇਪ ਬਿਮਾਰੀ ਤੋਂ ਬਾਅਦ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 28 ਅਗਸਤ ਦੀ ਰਾਤ ਨੂੰ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿੱਚ ਡੀ.ਐੱਮ.ਸੀ. ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਬਾਅਦ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਲਲਿਤਾ ਸੂਦ, ਪੁੱਤਰ ਡਾ. ਰਾਜਵੰਸ਼ ਸੂਦ ਅਤੇ ਦੋ ਬੇਟੀਆਂ ਸਮੇਤ ਹੱਸਦਾ-ਖੇਡਦਾ ਪਰਿਵਾਰ ਛੱਡ ਗਏ ਹਨ।
ਕੁਲਦੀਪ ਸੂਦ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਂ ਸਨ। ਉਹ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਤੋਂ ਇਲਾਵਾ ਕੌਮੀ ਦੇਣ, ਬਰਾਈਟ ਪੰਜਾਬ ਐਕਸਪ੍ਰੈਸ, ਯੁਗ ਮਾਰਗ ਅਤੇ ਦਾ ਸਵੇਰਾ ਟਾਈਮਜ਼ ਵਰਗੇ ਕਈ ਮੀਡੀਆ ਅਦਾਰਿਆਂ ਨਾਲ ਲੰਬਾ ਸਮਾਂ ਜੁੜੇ ਰਹੇ। ਇਸ ਤੋਂ ਇਲਾਵਾ ਉਹ ਮੈਰਿਜ ਪੈਲੇਸ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਅਤੇ ਪੱਤਰਕਾਰ ਜਥੇਬੰਦੀਆਂ ਦੇ ਮੋਹਰੀ ਆਗੂਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੀਆਂ ਰਾਜਸੀ, ਸਮਾਜਿਕ, ਵਪਾਰਕ, ਪੱਤਰਕਾਰ ਅਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਸੂਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।





