ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰੀਆ ਨੇ ਰਚਿਆ ਇਤਿਹਾਸ: ਚੈੱਕ ਗਣਰਾਜ ‘ਚ ਸਿੰਗਲਜ਼ ਅਤੇ ਡਬਲਜ਼ ਦੇ ਦੋਹਰੇ ਖ਼ਿਤਾਬ ਆਪਣੇ ਨਾਂ ਕੀਤੇ

ਨਵੀਂ ਦਿੱਲੀ, 1 ਸਤੰਬਰ: ਭਾਰਤ ਦੇ ਉੱਭਰਦੇ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰੀਆ ਨੇ ਚੈੱਕ ਗਣਰਾਜ ਵਿੱਚ ਖੇਡੇ ਗਏ ਡਬਲਿਊ ਟੀ ਟੀ ਫੀਡਰ ਓਲੋਮੌਕ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਅੰਕੁਰ ਨੇ ਆਪਣੇ ਸਾਥੀ ਖਿਡਾਰੀ ਆਕਾਸ਼ ਪਾਲ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਸੋਨ ਤਗ਼ਮਾ ਵੀ ਭਾਰਤ ਦੀ ਝੋਲੀ ਪਾਇਆ।

ਵਿਸ਼ਵ ਰੈਂਕਿੰਗ ਵਿੱਚ 78ਵੇਂ ਸਥਾਨ ‘ਤੇ ਮੌਜੂਦ ਅੰਕੁਰ ਨੇ ਸਿੰਗਲਜ਼ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸਲੋਵੇਨੀਆ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਡੇਨੀ ਕੋਜ਼ੁਲ ਨੂੰ 3-1 ਨਾਲ ਕਰਾਰੀ ਮਾਤ ਦਿੱਤੀ। ਫਾਈਨਲ ਮੈਚ ਦੀ ਸ਼ੁਰੂਆਤ ਵਿੱਚ ਅੰਕੁਰ ਪਹਿਲੀ ਗੇਮ 9-11 ਨਾਲ ਗੁਆ ਬੈਠਾ ਸੀ, ਪਰ ਉਸ ਨੇ ਜ਼ਬਰਦਸਤ ਵਾਪਸੀ ਕਰਦਿਆਂ ਅਗਲੀਆਂ ਤਿੰਨੋਂ ਗੇਮਾਂ 11-4, 11-5 ਅਤੇ 11-6 ਨਾਲ ਜਿੱਤ ਕੇ ਖ਼ਿਤਾਬੀ ਟਰਾਫ਼ੀ ਆਪਣੇ ਨਾਂ ਕੀਤੀ।

ਡਬਲਜ਼ ਵਰਗ ਦੇ ਫਾਈਨਲ ਵਿੱਚ ਵੀ ਭਾਰਤੀ ਜੋੜੀ ਦਾ ਪੂਰਾ ਦਬਦਬਾ ਦੇਖਣ ਨੂੰ ਮਿਲਿਆ। ਅੰਕੁਰ ਅਤੇ ਆਕਾਸ਼ ਪਾਲ ਦੀ ਜੋੜੀ ਨੇ ਹੰਗਰੀ ਦੇ ਕਸਾਬਾ ਐਂਡਰਾਸ ਜ਼ੈਂਟੋਸੀ ਅਤੇ ਪੋਲੈਂਡ ਦੇ ਐਲਨ ਕੁਲਸਜ਼ਿਕੀ ਜ਼ਲੇਵਸਕੀ ਦੀ ਜੋੜੀ ਨੂੰ 3-1 ਨਾਲ ਹਰਾਇਆ। ਪਹਿਲੀ ਗੇਮ 11-8 ਨਾਲ ਜਿੱਤਣ ਤੋਂ ਬਾਅਦ ਦੂਜੀ ਗੇਮ ਵਿੱਚ ਭਾਰਤੀ ਜੋੜੀ 4-11 ਨਾਲ ਪੱਛੜ ਗਈ ਸੀ, ਪਰ ਫਿਰ ਵਧੀਆ ਖੇਡ ਦਿਖਾਉਂਦਿਆਂ ਤੀਜੀ ਗੇਮ 13-11 ਅਤੇ ਚੌਥੀ ਗੇਮ 11-9 ਨਾਲ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ।

ਸਵੀਡਨ ਯੂਰੋਪ ਯੂਥ ਸਮੈਸ਼ ਵਿੱਚ ਫਾਈਨਲ ਤੱਕ ਪਹੁੰਚਣ ਵਾਲੇ ਅੰਕੁਰ ਲਈ ਇਹ ਜਿੱਤ ਬਹੁਤ ਅਹਿਮ ਹੈ। ਇਸ ਸਾਲ ਓਲੋਮੌਕ ਵਿੱਚ ਆਪਣਾ ਪਹਿਲਾ ਖ਼ਿਤਾਬ ਜਿੱਤਣ ਤੋਂ ਪਹਿਲਾਂ ਉਹ ਦੋ ਵਾਰ ਕੁਆਰਟਰ ਫਾਈਨਲ ਅਤੇ ਦੋ ਵਾਰ ਸੈਮੀਫਾਈਨਲ ਵਿੱਚ ਵੀ ਥਾਂ ਬਣਾ ਚੁੱਕਾ ਸੀ।

Leave a Comment

Your email address will not be published. Required fields are marked *