ਪੰਜਾਬ ਯੂਨੀਵਰਸਿਟੀ ਚੋਣਾਂ: ਏਬੀਵੀਪੀ ਅਤੇ ਐੱਸਓਆਈ ਦਾ ਗਠਜੋੜ ਪਿਆ ਭਾਰੂ, ‘ਸੱਥ’ ਦੀ ਹਾਰ ਅਤੇ ਪੰਜਾਬ ਦੀ ਸਿਆਸਤ ਲਈ ਨਵੇਂ ਸੰਕੇਤ

ਚੰਡੀਗੜ੍ਹ, 1 ਸਤੰਬਰ: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਕੈਂਪਸ ਰਾਜਨੀਤੀ ਦੇ ਨਾਲ-ਨਾਲ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਵੀ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਏਬੀਵੀਪੀ ਦੇ ਅੰਕਿਤ ਬਿਧਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਦਕਿ ਪੰਜਾਬ ਯੂਨੀਵਰਸਿਟੀ ਡੈਮੋਕ੍ਰੇਟਿਕ ਫਰੰਟ ਦੇ ਅਰਮਾਨ ਸਿੰਘ ਭਿੰਡਰ ਮੀਤ ਪ੍ਰਧਾਨ, ਧਿਆਨ ਸਿੰਘ ਸਮੀਰ ਜਨਰਲ ਸਕੱਤਰ ਅਤੇ ਵਿਸ਼ਾਲ ਜੁਆਇੰਟ ਸਕੱਤਰ ਦੇ ਅਹੁਦੇ ‘ਤੇ ਚੁਣੇ ਗਏ ਹਨ। ਇਸ ਵਾਰ ਚੋਣਾਂ ਵਿੱਚ ਹੋਸਟਲ ਸਹੂਲਤਾਂ, ਕੈਂਪਸ ਦੀ ਸੁਰੱਖਿਆ, ਅਕਾਦਮਿਕ ਮੁੱਦੇ ਅਤੇ ਰੋਜ਼ਗਾਰ ਦੇ ਮੌਕੇ ਮੁੱਖ ਮੁੱਦੇ ਰਹੇ, ਜਿਨ੍ਹਾਂ ਵਿੱਚ ਲਗਭਗ 16,500 ਵਿਦਿਆਰਥੀ ਵੋਟਰਾਂ ਵਿੱਚੋਂ 58.35 ਫੀਸਦੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਪ੍ਰਧਾਨਗੀ ਦੇ ਅਹੁਦੇ ਲਈ ਮੁੱਖ ਮੁਕਾਬਲਾ ਏਬੀਵੀਪੀ ਦੇ ਅੰਕਿਤ ਬਿਧਾਨ, ਐੱਨਐੱਸਯੂਆਈ ਦੇ ਗੁਰਮਨ ਸਿੰਘ ਸਿੱਧੂ, ਏਐੱਸਏਪੀ ਦੇ ਆਦਿਲ ਬਰਾੜ ਅਤੇ ‘ਸੱਥ’ ਦੇ ਦਰਸ਼ਪ੍ਰੀਤ ਸਿੰਘ ਵਿਚਕਾਰ ਸੀ। ਚੋਣ ਤੋਂ ਠੀਕ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐੱਸਓਆਈ) ਵੱਲੋਂ ਏਬੀਵੀਪੀ ਨੂੰ ਦਿੱਤੇ ਗਏ ਸਮਰਥਨ ਨੇ ਪੂਰੇ ਮੁਕਾਬਲੇ ਦਾ ਰੁਖ਼ ਬਦਲ ਦਿੱਤਾ। ਇਸ ਗਠਜੋੜ ਕਾਰਨ ਦੋਵਾਂ ਧਿਰਾਂ ਦਾ ਵੋਟ ਬੈਂਕ ਇਕੱਠਾ ਹੋ ਗਿਆ, ਜਿਸ ਦੇ ਸਾਹਮਣੇ ‘ਸੱਥ’ ਵਰਗੇ ਵਿਚਾਰਧਾਰਕ ਸਮੂਹ ਟਿਕ ਨਹੀਂ ਸਕੇ। ਆਪਣੀ ਜਿੱਤ ਤੋਂ ਬਾਅਦ ਅੰਕਿਤ ਬਿਧਾਨ ਨੇ ਇਸ ਨੂੰ ‘ਜੈੱਨ ਜ਼ੀ’ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਦੇ ਦਿਲ ਵਿੱਚ ਏਬੀਵੀਪੀ ਅਤੇ ਮੋਦੀ ਜੀ ਲਈ ਖਾਸ ਜਗ੍ਹਾ ਹੈ। ਉਨ੍ਹਾਂ ਆਪਣੀ ਪੁਰਾਣੀ ਕੌਂਸਲ ਦੇ ਰਿਪੋਰਟ ਕਾਰਡ ਅਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਤੋਂ ਮਿਲੀ ਹਮਾਇਤ ਨੂੰ ਇਸ ਜਿੱਤ ਦਾ ਆਧਾਰ ਦੱਸਿਆ।

ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖ਼ਾਲਿਦ ਅਨੁਸਾਰ, ਇਸ ਵਾਰ ਚੋਣਾਂ ਵਿੱਚ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਵੀ ਮਹਿਸੂਸ ਕੀਤੀ ਗਈ। ਇਸ ਤੋਂ ਇਲਾਵਾ, ਦੇਸ਼ ਭਰ ਵਿੱਚ ਭਾਜਪਾ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਦੇਖਣ ਨੂੰ ਮਿਲੇ ਰੋਸ ਦਾ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ‘ਤੇ ਕੋਈ ਖ਼ਾਸ ਅਸਰ ਨਹੀਂ ਪਿਆ। ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਦਾ ਮੰਨਣਾ ਹੈ ਕਿ ਇੱਥੇ ਚੋਣਾਂ ਵਿਚਾਰਧਾਰਾ ਨਾਲੋਂ ਜ਼ਿਆਦਾ ਸਾਧਨਾਂ ਦੀ ਵਰਤੋਂ ‘ਤੇ ਅਧਾਰਿਤ ਹੁੰਦੀਆਂ ਹਨ, ਜਿਸ ਦਾ ਲਾਹਾ ਲਗਭਗ ਸਾਰੀਆਂ ਧਿਰਾਂ ਲੈਂਦੀਆਂ ਹਨ।

ਪੰਜਾਬ ਯੂਨੀਵਰਸਿਟੀ ਨੂੰ ਲੰਬੇ ਸਮੇਂ ਤੋਂ ਸਿਆਸੀ ਆਗੂਆਂ ਦੀ ਨਰਸਰੀ ਮੰਨਿਆ ਜਾਂਦਾ ਰਿਹਾ ਹੈ, ਜਿੱਥੋਂ ਪਵਨ ਕੁਮਾਰ ਬਾਂਸਲ, ਮਾਲਵਿੰਦਰ ਸਿੰਘ ਕੰਗ ਅਤੇ ਦਲਵੀਰ ਸਿੰਘ ਗੋਲਡੀ ਵਰਗੇ ਵੱਡੇ ਆਗੂ ਨਿਕਲੇ ਹਨ। ਇਸ ਲਈ ਐੱਸਓਆਈ ਅਤੇ ਏਬੀਵੀਪੀ ਦਾ ਇਹ ਸਫ਼ਲ ਗਠਜੋੜ ਪੰਜਾਬ ਦੀ ਮੁੱਖ ਧਾਰਾ ਰਾਜਨੀਤੀ ਲਈ ਵੀ ਇੱਕ ਵੱਡਾ ਸੰਕੇਤ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਅਕਾਲੀ ਦਲ ਅਤੇ ਭਾਜਪਾ ਸੂਬੇ ਦੀ ਰਾਜਨੀਤੀ ਵਿੱਚ ਵੀ ਮੁੜ ਇੱਕ-ਦੂਜੇ ਦੇ ਨੇੜੇ ਆ ਸਕਦੇ ਹਨ।

Leave a Comment

Your email address will not be published. Required fields are marked *