
ਨਵੀਂ ਦਿੱਲੀ, 3 ਸਤੰਬਰ: ਭਾਰਤੀ ਹਵਾਈ ਸੈਨਾ ਦੇ ਮਸ਼ਹੂਰ ਫਾਈਟਰ ਪਾਇਲਟ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ ਅਤੇ ਉਹ ਗੋਆ ਦੀ ਇੱਕ ਖੇਤਰੀ ਪ੍ਰਾਈਵੇਟ ਏਅਰਲਾਈਨ ‘ਫਲਾਈ91’ ਵਿੱਚ ਪਾਇਲਟ ਵਜੋਂ ਸ਼ਾਮਲ ਹੋ ਗਏ ਹਨ। ਸਾਲ 2019 ਦੇ ਬਾਲਾਕੋਟ ਹਮਲੇ ਦੌਰਾਨ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੇ ਇੱਕ ਵੱਡੇ ਸਮੂਹ ਨੂੰ ਚੁਣੌਤੀ ਦੇਣ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਤੋਂ ਬਾਅਦ ਉਹ ਦੇਸ਼ ਭਰ ਵਿੱਚ ਚਰਚਾ ਵਿੱਚ ਆਏ ਸਨ। ਸੁਖੋਈ Su-30 MKI ਅਤੇ ਮਿਗ-21 ਵਰਗੇ ਲੜਾਕੂ ਜਹਾਜ਼ ਉਡਾਉਣ ਵਾਲੇ ਅਭਿਨੰਦਨ ਹੁਣ ਨਵੀਂ ਏਅਰਲਾਈਨ ਲਈ ਏ.ਟੀ.ਆਰ. ਜਹਾਜ਼ ਉਡਾਉਣਗੇ। ਉਨ੍ਹਾਂ ਨੂੰ ਇਸੇ ਸਾਲ ਮਾਰਚ ਵਿੱਚ ਹਵਾਈ ਸੈਨਾ ਤੋਂ ਸੇਵਾਮੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਇਸ ਨਵੀਂ ਭੂਮਿਕਾ ਨਾਲ ਜੁੜੇ ਹਨ।ਫਰਵਰੀ 2019 ਵਿੱਚ ਹਵਾਈ ਮੁਕਾਬਲੇ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਅਭਿਨੰਦਨ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਇੱਕ ਐੱਫ-16 ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਤੱਕ ਆਪਣੀ ਹਿਰਾਸਤ ਵਿੱਚ ਰੱਖਿਆ ਸੀ। ਦੁਸ਼ਮਣ ਦੀ ਗ੍ਰਿਫ਼ਤ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਦੇ ਦਲੇਰਾਨਾ ਅਤੇ ਫੌਜੀ ਵਤੀਰੇ ਨੇ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਸਨਮਾਨ ਵਧਾਇਆ, ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ‘ਵੀਰ ਚੱਕਰ’ ਨਾਲ ਨਵਾਜਿਆ ਗਿਆ।ਇਹ ਘਟਨਾ 27 ਫਰਵਰੀ 2019 ਦੀ ਸਵੇਰ ਦੀ ਹੈ, ਜਦੋਂ ਭਾਰਤ ਵੱਲੋਂ ਬਾਲਾਕੋਟ ‘ਚ ਕੀਤੇ ਗਏ ਹਵਾਈ ਹਮਲੇ ਦੇ ਜਵਾਬ ‘ਚ ਐੱਫ-16 ਸਮੇਤ ਲਗਭਗ 25 ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਅੱਗੇ ਵਧੇ ਸਨ। ਉਸ ਸਮੇਂ ਭਾਰਤੀ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਭਾਰਤੀ ਜਹਾਜ਼ ਗਿਣਤੀ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਪਾਕਿਸਤਾਨੀ ਬੇੜੇ ਨਾਲੋਂ ਘੱਟ ਸਨ। ਸਥਿਤੀ ਨੂੰ ਦੇਖਦੇ ਹੋਏ ਸ਼੍ਰੀਨਗਰ ਏਅਰਪੋਰਟ ਤੋਂ ਛੇ ਮਿਗ-21 ਜਹਾਜ਼ਾਂ ਨੂੰ ਤੁਰੰਤ ਉਡਾਣ ਭਰਨ ਦਾ ਹੁਕਮ ਦਿੱਤਾ ਗਿਆ। ਪੀਰ ਪੰਜਾਲ ਪਹਾੜੀਆਂ ਦੀ ਓਟ ਵਿੱਚ ਉੱਡ ਰਹੇ ਇਨ੍ਹਾਂ ਮਿਗ ਜਹਾਜ਼ਾਂ ਨੂੰ ਪਾਕਿਸਤਾਨੀ ਰਡਾਰ ਪ੍ਰਣਾਲੀ ਪਛਾਣ ਨਹੀਂ ਸਕੀ ਅਤੇ ਭਾਰਤੀ ਜਹਾਜ਼ਾਂ ਦੇ ਅਚਾਨਕ ਸਾਹਮਣੇ ਆਉਣ ਨਾਲ ਪਾਕਿਸਤਾਨੀ ਪਾਇਲਟਾਂ ਵਿੱਚ ਹਫੜਾ-ਦਫੜੀ ਮਚ ਗਈ।ਘਬਰਾਹਟ ਵਿੱਚ ਪਾਕਿਸਤਾਨੀ ਪਾਇਲਟਾਂ ਨੇ ਭਾਰਤੀ ਫੌਜੀ ਠਿਕਾਣਿਆਂ ‘ਤੇ ਲਗਭਗ 11 ਗਲਾਈਡ-ਬੰਬ ਸੁੱਟੇ, ਪਰ ਉਨ੍ਹਾਂ ਦਾ ਕੋਈ ਵੀ ਨਿਸ਼ਾਨਾ ਸਹੀ ਜਗ੍ਹਾ ‘ਤੇ ਨਹੀਂ ਲੱਗਿਆ। ਭਾਰਤੀ ਹਵਾਈ ਸੈਨਾ ਅਨੁਸਾਰ, ਅਭਿਨੰਦਨ ਅਤੇ ਉਨ੍ਹਾਂ ਦੀ ਟੀਮ ਦੀ ਅਚਾਨਕ ਆਮਦ ਨੇ ਪਾਕਿਸਤਾਨੀ ਫੌਜ ਦੇ ਨਿਸ਼ਾਨਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਸੀ।





