ਕੈਨੇਡਾ ‘ਚ ਰੁਜ਼ਗਾਰ ਦਾ ਵੱਡਾ ਸੰਕਟ: ਅਗਸਤ ‘ਚ ਖੁੱਸੀਆਂ 41 ਹਜ਼ਾਰ ਤੋਂ ਵੱਧ ਨੌਕਰੀਆਂ, ਪਰਵਾਸੀ ਨੌਜਵਾਨਾਂ ‘ਤੇ ਵਧੀ ਦੋਹਰੀ ਮਾਰ

ਓਟਵਾ, 5 ਸਤੰਬਰ: ਕੈਨੇਡੀਅਨ ਅਰਥਵਿਵਸਥਾ ਨੂੰ ਅਗਸਤ ਮਹੀਨੇ ਦੌਰਾਨ ਵੱਡਾ ਝਟਕਾ ਲੱਗਾ ਹੈ, ਜਿੱਥੇ ਦੇਸ਼ ਵਿੱਚ 41,700 ਤੋਂ ਵੱਧ ਨੌਕਰੀਆਂ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮੰਦੀ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਰ 6.4 ਫ਼ੀਸਦੀ ‘ਤੇ ਸਥਿਰ ਰਹੀ ਹੈ, ਪਰ ਅਰਥਸ਼ਾਸਤਰੀਆਂ ਵੱਲੋਂ ਜੁਲਾਈ ਦੇ ਵਾਧੇ ਤੋਂ ਬਾਅਦ ਲਗਭਗ 15,000 ਨਵੀਆਂ ਨੌਕਰੀਆਂ ਪੈਦਾ ਹੋਣ ਦੀਆਂ ਲਾਈਆਂ ਜਾ ਰਹੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ। ਸਟੈਟਿਸਟਿਕਸ ਕੈਨੇਡਾ ਦੀ ਆਰਥਿਕ ਰਿਪੋਰਟ ਦੇ ਇਹ ਅੰਕੜੇ ਸਾਹਮਣੇ ਆਉਂਦਿਆਂ ਹੀ ਵਿੱਤੀ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ, ਜਿਸ ਕਾਰਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51 ਫ਼ੀਸਦੀ ਡਿੱਗ ਕੇ C$1.3860 ‘ਤੇ ਆ ਗਿਆ।

ਰਿਪੋਰਟ ਮੁਤਾਬਕ ਸਭ ਤੋਂ ਵੱਡੀ ਢਾਹ ਫੁੱਲ-ਟਾਈਮ ਰੁਜ਼ਗਾਰ ਨੂੰ ਲੱਗੀ ਹੈ, ਜਿੱਥੇ 35,900 ਅਹੁਦੇ ਘਟ ਗਏ ਹਨ, ਜਦਕਿ ਪਾਰਟ-ਟਾਈਮ ਨੌਕਰੀਆਂ ਵਿੱਚ ਵੀ 5,800 ਦੀ ਗਿਰਾਵਟ ਆਈ ਹੈ। ਸਿਹਤ ਸੰਭਾਲ, ਸਿੱਖਿਆ, ਆਵਾਜਾਈ ਅਤੇ ਵਿੱਤ ਵਰਗੇ ਸੇਵਾ-ਉਤਪਾਦਨ ਖੇਤਰਾਂ ਵਿੱਚ ਸਭ ਤੋਂ ਵੱਧ 51,500 ਨੌਕਰੀਆਂ ਖ਼ਤਮ ਹੋਈਆਂ ਹਨ। ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 0.3 ਫ਼ੀਸਦੀ ਵਧ ਕੇ 12.9 ਫ਼ੀਸਦੀ ਤੱਕ ਪਹੁੰਚ ਗਈ ਹੈ ਅਤੇ ਪੱਕੇ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਉਜਰਤ ਵਾਧਾ ਦਰ ਘਟ ਕੇ ਮਹਿਜ਼ 2 ਫ਼ੀਸਦੀ ਰਹਿ ਗਈ ਹੈ।

ਨੌਕਰੀਆਂ ਦੇ ਇਸ ਸੰਕਟ ਨਾਲ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਅਤੇ ਪੰਜਾਬੀ ਪਰਵਾਸੀ ਨੌਜਵਾਨਾਂ ‘ਤੇ ਦੋਹਰੀ ਮਾਰ ਪੈ ਰਹੀ ਹੈ, ਕਿਉਂਕਿ ਇੱਕ ਪਾਸੇ ਸਰਕਾਰ ਨੇ ਪੱਕੇ ਹੋਣ ਦੇ ਨਿਯਮ ਸਖ਼ਤ ਕਰ ਦਿੱਤੇ ਹਨ ਅਤੇ ਦੂਜੇ ਪਾਸੇ ਨਵੀਆਂ ਨੌਕਰੀਆਂ ਲੱਭਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਮਾਹਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਸਤਾਵਿਤ 50 ਫ਼ੀਸਦੀ ਟੈਰਿਫਾਂ ਅਤੇ ਕੈਨੇਡਾ ਦੀਆਂ ਜਵਾਬੀ ਕਾਰਵਾਈਆਂ ਕਾਰਨ ਸੁਸਤ ਪਈ ਕੈਨੇਡੀਅਨ ਲੇਬਰ ਮਾਰਕੀਟ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

Leave a Comment

Your email address will not be published. Required fields are marked *