ਮਹਿਲਾ ਏਸ਼ੀਆ ਕੱਪ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ, 6 ਸਤੰਬਰ: ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ 2026 ਦੇ ਅਹਿਮ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪਾਕਿਸਤਾਨ ਵੱਲੋਂ ਮਿਲੇ 56 ਦੌੜਾਂ ਦੇ ਆਸਾਨ ਟੀਚੇ ਨੂੰ ਭਾਰਤ ਨੇ 8.4 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਟੀਮ ਦੀ ਜਿੱਤ ‘ਤੇ ਮੋਹਰ ਲਗਾਉਂਦਿਆਂ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਛੱਕਾ ਜੜ ਕੇ ਮੈਚ ਸਮਾਪਤ ਕੀਤਾ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਕਾਤਲਾਨਾ ਸਪੈੱਲ ਅੱਗੇ ਟਿਕ ਨਾ ਸਕੀ ਅਤੇ 18.1 ਓਵਰਾਂ ਵਿੱਚ ਮਹਿਜ਼ 55 ਦੌੜਾਂ ‘ਤੇ ਸਮੇਟ ਗਈ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਪਾਕਿਸਤਾਨੀ ਮਹਿਲਾ ਟੀਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਚੰਗੀ ਸ਼ੁਰੂਆਤ ਤੋਂ ਬਾਅਦ ਪਾਕਿਸਤਾਨੀ ਬੱਲੇਬਾਜ਼ ਲਗਾਤਾਰ ਆਊਟ ਹੁੰਦੇ ਗਏ, ਜਿਸ ਵਿੱਚ ਮੁਨੀਬਾ ਅਲੀ (13) ਅਤੇ ਸ਼ਵਾਲ ਜ਼ੁਲਫ਼ਕਾਰ (14) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਭਾਰਤ ਵੱਲੋਂ ਸ੍ਰੀ ਚਰਨੀ ਅਤੇ ਪ੍ਰੇਮਾ ਰਾਵਤ ਨੇ 3-3 ਵਿਕਟਾਂ ਝਟਕਾਈਆਂ, ਜਦਕਿ ਦੀਪਤੀ ਸ਼ਰਮਾ ਨੇ 2 ਅਤੇ ਸ਼ੈਫਾਲੀ ਵਰਮਾ ਨੇ 1 ਵਿਕਟ ਹਾਸਲ ਕੀਤੀ।

ਮੈਚ ਦੌਰਾਨ ਖੇਡ ਤੋਂ ਇਲਾਵਾ ਸਿਆਸੀ ਸਰਗਰਮੀ ਵੀ ਚਰਚਾ ਵਿੱਚ ਰਹੀ। ਟਾਸ ਦੇ ਸਮੇਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਕਾਇਮ ਰੱਖੀ ਰਵਾਇਤ ਨੂੰ ਜਾਰੀ ਰੱਖਿਆ। ਪਾਕਿਸਤਾਨ ਨੇ ਵੱਡਾ ਸਕੋਰ ਬਣਾਉਣ ਦੇ ਇਰਾਦੇ ਨਾਲ ਬੱਲੇਬਾਜ਼ੀ ਚੁਣੀ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਕਪਤਾਨ ਹਰਮਨਪ੍ਰੀਤ ਦੀ ਯੋਜਨਾ ਮੁਤਾਬਕ ਵਿਰੋਧੀ ਟੀਮ ਨੂੰ ਛੋਟੇ ਸਕੋਰ ‘ਤੇ ਰੋਕ ਕੇ ਆਸਾਨ ਜਿੱਤ ਦਰਜ ਕੀਤੀ।

Leave a Comment

Your email address will not be published. Required fields are marked *