
ਚੰਡੀਗੜ੍ਹ, 10 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿਖੇ ਇੱਕ ਰੈਲੀ ਦੌਰਾਨ ਸਾਬਕਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕਰਵਾਇਆ ਹੈ। ਸੇਖੋਂ ਦੇ ਪਾਰਟੀ ਵਿੱਚ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਅਪਰਾਧਿਕ ਪਿਛੋਕੜ ਦੇ ਬਾਵਜੂਦ ਸੱਤਾਧਾਰੀ ਪਾਰਟੀ ਨੇ ਉਸ ਨੂੰ ਆਪਣੇ ਨਾਲ ਕਿਉਂ ਜੋੜਿਆ। 2016 ਵਿੱਚ ਨਾਭਾ ਹਾਈ-ਸਿਕਿਉਰਿਟੀ ਜੇਲ੍ਹ ਤੋਂ ਫਰਾਰ ਹੋ ਕੇ ਸੂਬੇ ਦੇ ਮੋਸਟ ਵਾਂਟੇਡ ਅਪਰਾਧੀਆਂ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਮੁੱਖ ਮੰਤਰੀ ਨਾਲ ਮੰਚ ਸਾਂਝਾ ਕਰਨ ਤੱਕ, ਸੇਖੋਂ ਨੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਆਪਣਾ ਅਕਸ ਬਦਲਣ ਦਾ ਸਫ਼ਰ ਤੈਅ ਕੀਤਾ ਹੈ।
ਫਿਰੋਜ਼ਪੁਰ ਦੇ ਮੁਦਕੀ ਦਾ ਰਹਿਣ ਵਾਲਾ 49 ਸਾਲਾ ਸੇਖੋਂ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਫਲਾਈਟ ਅਟੈਂਡੈਂਟ ਦੀ ਸਿਖਲਾਈ ਲਈ ਸੀ, ਪਰ ਸਾਲ 2010 ਦੇ ਆਸ-ਪਾਸ ਉਹ ਸ਼ੇਰਾ ਖੁੱਬਣ ਅਤੇ ਜੈਪਾਲ ਭੁੱਲਰ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। 2012 ਵਿੱਚ ਹੈਪੀ ਦਿਓੜਾ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ ਦੌਰਾਨ ਸੇਖੋਂ ਖੇਤਰ ਵਿੱਚ ਸਰਗਰਮ ਹੋ ਗਿਆ। ਜਨਵਰੀ 2015 ਵਿੱਚ ਫਗਵਾੜਾ ਨੇੜੇ ਪੁਲਿਸ ਹਿਰਾਸਤ ਵਿੱਚ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਸਨਸਨੀਖੇਜ਼ ਕਤਲ ਤੋਂ ਬਾਅਦ “ਸੇਖੋਂ ਮੁਦਕੀ ਗੈਂਗ” ਪੰਜਾਬ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਆ ਗਿਆ ਸੀ। ਮਾਰਚ 2015 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਨਾਭਾ ਜੇਲ੍ਹ ਭੇਜਿਆ ਗਿਆ, ਜਿੱਥੇ ਨਵੰਬਰ 2016 ਵਿੱਚ ਹੋਏ ਨਾਭਾ ਜੇਲ੍ਹਬ੍ਰੇਕ ਦੌਰਾਨ ਉਹ ਹੋਰਨਾਂ ਸਾਥੀਆਂ ਅਤੇ ਕੇ.ਐੱਲ.ਐੱਫ. ਦੇ ਹਰਮਿੰਦਰ ਮਿੰਟੂ ਨਾਲ ਫਰਾਰ ਹੋ ਗਿਆ।
ਫਰਵਰੀ 2017 ਵਿੱਚ ਮੋਗਾ ਦੇ ਧੂੜੀਕੇ ਤੋਂ ਸੇਖੋਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਸਬੂਤਾਂ ਦੀ ਘਾਟ ਕਾਰਨ ਫਰਵਰੀ 2019 ਵਿੱਚ ਕਪੂਰਥਲਾ ਅਦਾਲਤ ਨੇ ਉਸ ਨੂੰ ਸੁੱਖਾ ਕਾਹਲਵਾਂ ਕਤਲ ਕੇਸ ਤੋਂ ਬਰੀ ਕਰ ਦਿੱਤਾ, ਪਰ ਮਾਰਚ 2023 ਵਿੱਚ ਪਟਿਆਲਾ ਅਦਾਲਤ ਨੇ ਨਾਭਾ ਜੇਲ੍ਹਬ੍ਰੇਕ ਮਾਮਲੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪੀਲ ‘ਤੇ ਸੁਣਵਾਈ ਦੌਰਾਨ ਸਜ਼ਾ ‘ਤੇ ਰੋਕ ਲਗਾਏ ਜਾਣ ਤੋਂ ਬਾਅਦ 22 ਨਵੰਬਰ 2023 ਨੂੰ ਉਹ ਜੇਲ੍ਹ ਤੋਂ ਰਿਹਾਅ ਹੋਇਆ। ਰਿਹਾਈ ਤੋਂ ਬਾਅਦ ਸੇਖੋਂ ਨੇ ਸਮਾਜ ਸੇਵਾ ਵਿੱਚ ਪੈਰ ਧਰਿਆ ਅਤੇ ਆਪਣੀ ਦਿੱਖ ਬਦਲ ਕੇ ਇੱਕ ਧਾਰਮਿਕ ਸਿੱਖ ਵਜੋਂ ਵਿਚਰਨਾ ਸ਼ੁਰੂ ਕੀਤਾ। ਉਸ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਪਣੀ ਪਤਨੀ ਅਤੇ ਰਿਸ਼ਤੇਦਾਰ ਨੂੰ ਅਕਾਲੀ ਦਲ ਦੇ ਸਮਰਥਨ ਨਾਲ ਜਿਤਾ ਕੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ।
ਸੇਖੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਅਤੇ ਜ਼ੀਰਾ ਹਲਕੇ ਦਾ ਇੰਚਾਰਜ ਬਣਾਏ ਜਾਣ ਨਾਲ ਸਿਆਸੀ ਪਾਰਾ ਚੜ੍ਹ ਗਿਆ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਨਾ ਅਤੇ ਭਾਜਪਾ ਨੇਤਾ ਫਤਿਹਜੰਗ ਬਾਜਵਾ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ। ਵਿਰੋਧੀਆਂ ਦਾ ਦੋਸ਼ ਹੈ ਕਿ ‘ਆਪ’ ਚੋਣਾਂ ਜਿੱਤਣ ਲਈ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਸ਼ਾਮਲ ਕਰ ਰਹੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਿਰਫ਼ ਉਨ੍ਹਾਂ ਦੇ ਅਤੀਤ ਦੇ ਅਧਾਰ ‘ਤੇ ਨਹੀਂ ਪਰਖਿਆ ਜਾਣਾ ਚਾਹੀਦਾ, ਕਿਉਂਕਿ ਕਈ ਵਾਰ ਪਰਿਸਥਿਤੀਆਂ ਇਨਸਾਨ ਨੂੰ ਗਲਤ ਰਸਤੇ ‘ਤੇ ਲੈ ਜਾਂਦੀਆਂ ਹਨ।





