ਪੰਜਾਬ ਵਿੱਚ ਬਿਜਲੀ ਦਾ ਗੰਭੀਰ ਸੰਕਟ: ਕੋਲੇ ਦੀ ਘਾਟ ਕਾਰਨ ਉਦਯੋਗਾਂ ਲਈ 10 ਘੰਟੇ ਦੇ ਕੱਟ ਜਾਰੀ, ਮੰਗ ਅਤੇ ਪੂਰਤੀ ਵਿੱਚ ਵੱਡਾ ਪਾੜਾ

 ਚੰਡੀਗੜ੍ਹ 12 ਸਤੰਬਰ:ਪੰਜਾਬ ਵਿੱਚ ਕੋਲੇ ਦੀ ਭਾਰੀ ਕਿੱਲਤ ਕਾਰਨ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸੂਬੇ ਦੇ ਉਦਯੋਗਾਂ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕੈਟਾਗਰੀ-2 ਫੀਡਰਾਂ ਅਧੀਨ ਆਉਂਦੀਆਂ ਉਦਯੋਗਿਕ ਇਕਾਈਆਂ ਨੂੰ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਸਪਲਾਈ ਮੁਕੰਮਲ ਤੌਰ ‘ਤੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ, ਜਿਸ ਨਾਲ ਇੰਡਸਟਰੀ ਨੂੰ ਲਗਾਤਾਰ 10 ਘੰਟੇ ਦੇ ਭਾਰੀ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ ਅਤੇ ਜ਼ਿਆਦਾਤਰ ਕਾਰਖਾਨੇ ਠੱਪ ਰਹਿਣਗੇ। ਪਾਵਰਕੌਮ ਅਨੁਸਾਰ ਫਿਲਹਾਲ ਇਹ ਸ਼ਡਿਊਲ ਸਿਰਫ਼ ਅੱਜ ਰਾਤ ਲਈ ਹੀ ਲਾਗੂ ਕੀਤਾ ਗਿਆ ਹੈ।

ਕੋਲੇ ਦੀ ਕਮੀ ਕਾਰਨ ਸੂਬੇ ਦੇ ਥਰਮਲ ਪਲਾਂਟਾਂ ਦਾ ਬਿਜਲੀ ਉਤਪਾਦਨ ਕਾਫ਼ੀ ਹੇਠਾਂ ਡਿੱਗ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਵਿੱਚੋਂ ਇੱਕ ਯੂਨਿਟ ਅਤੇ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਪਿਆ ਹੈ। ਇਸ ਤਰ੍ਹਾਂ ਦੋ ਪ੍ਰਾਈਵੇਟ ਪਲਾਂਟਾਂ ਦੇ ਇੱਕ-ਇੱਕ ਯੂਨਿਟ ਅਤੇ ਇੱਕ ਸਰਕਾਰੀ ਥਰਮਲ ਪਲਾਂਟ ਦੇ ਇੱਕ ਯੂਨਿਟ ਸਮੇਤ ਕੁੱਲ 3 ਯੂਨਿਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੈ।

ਪਾਵਰਕੌਮ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ 16,112 ਮੈਗਾਵਾਟ ਤੱਕ ਪਹੁੰਚ ਗਈ ਹੈ, ਜਦਕਿ ਕੁੱਲ ਉਤਪਾਦਨ ਸਿਰਫ਼ 4,501 ਮੈਗਾਵਾਟ ਹੀ ਹੋ ਰਿਹਾ ਹੈ। ਇਸ ਵਿੱਚ ਥਰਮਲ ਪਲਾਂਟਾਂ ਤੋਂ 3,495 ਮੈਗਾਵਾਟ ਅਤੇ ਸੋਲਰ ਪਲਾਂਟਾਂ ਤੋਂ 473 ਮੈਗਾਵਾਟ ਬਿਜਲੀ ਮਿਲ ਰਹੀ ਹੈ। ਕੇਂਦਰੀ ਪੂਲ ਤੋਂ ਵਾਧੂ ਬਿਜਲੀ ਖਰੀਦਣ ਦੇ ਬਾਵਜੂਦ ਮੰਗ ਜ਼ਿਆਦਾ ਹੋਣ ਕਾਰਨ ਸੰਕਟ ਬਰਕਰਾਰ ਹੈ। ਉਦਯੋਗਾਂ ਤੋਂ ਇਲਾਵਾ ਦਿਹਾਤੀ ਖੇਤਰਾਂ ਵਿੱਚ ਲੰਬੇ ਕੱਟ ਲੱਗ ਰਹੇ ਹਨ ਅਤੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਵਾਰ-ਵਾਰ ਬਿਜਲੀ ਟਰਿੱਪ ਹੋਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਕਾਫ਼ੀ ਵਧ ਗਈਆਂ ਹਨ।

Leave a Comment

Your email address will not be published. Required fields are marked *