ਜੂਨੀਅਰ ਏਸ਼ੀਆ ਕੱਪ: ਭਾਰਤੀ ਮਹਿਲਾ ਹਾਕੀ ਟੀਮ ਦੀ ਧਮਾਕੇਦਾਰ ਜਿੱਤ, ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼

ਮੋਕੀ, 13 ਸਤੰਬਰ: ਭਾਰਤੀ ਮਹਿਲਾ ਹਾਕੀ ਟੀਮ ਨੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ ਦੇ ਪਹਿਲੇ ਸੈਮੀ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 5-1 ਦੇ ਵੱਡੇ ਫਰਕ ਨਾਲ ਮਾਤ ਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਦੀ ਇਸ ਸ਼ਾਨਦਾਰ ਜਿੱਤ ਵਿੱਚ ਡਰੈਗ-ਫਲਿੱਕ ਮਾਹਿਰ ਸੁਪ੍ਰੀਆ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ।ਮੈਚ ਦੀ ਸ਼ੁਰੂਆਤ ਵਿੱਚ ਦੋਵਾਂ ਟੀਮਾਂ ਨੇ ਸਾਵਧਾਨੀ ਨਾਲ ਖੇਡਣਾ ਸ਼ੁਰੂ ਕੀਤਾ, ਪਰ ਜਲਦ ਹੀ ਭਾਰਤੀ ਟੀਮ ਨੇ ਆਪਣਾ ਦਬਾਅ ਬਣਾ ਲਿਆ। ਮੈਚ ਦੇ 13ਵੇਂ ਮਿੰਟ ਵਿੱਚ ਮਧੂ ਸਿਦਾਰ ਨੇ ਗੋਲ ਕਰ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਬਾਅਦ 17ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ‘ਤੇ ਸੁਪ੍ਰੀਆ ਨੇ ਸ਼ਾਨਦਾਰ ਡਰੈਗ-ਫਲਿੱਕ ਨਾਲ ਸਕੋਰ 2-0 ਕਰ ਦਿੱਤਾ ਅਤੇ 21ਵੇਂ ਮਿੰਟ ਵਿੱਚ ਸੁਖਵੀਰ ਕੌਰ ਨੇ ਇੱਕ ਹੋਰ ਗੋਲ ਕਰ ਕੇ ਟੀਮ ਦੀ ਬੜ੍ਹਤ 3-0 ਕਰ ਦਿੱਤੀ।ਅੱਧੇ ਸਮੇਂ ਦੀ ਬਰੇਕ ਤੋਂ ਬਾਅਦ ਵੀ ਭਾਰਤੀ ਟੀਮ ਦਾ ਦਬਾਅ ਬਰਕਰਾਰ ਰਿਹਾ। 33ਵੇਂ ਮਿੰਟ ਵਿੱਚ ਸੁਪ੍ਰੀਆ ਨੇ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ। ਦੱਖਣੀ ਕੋਰਿਆਈ ਟੀਮ ਵੱਲੋਂ 41ਵੇਂ ਮਿੰਟ ਵਿੱਚ ਯੂਰੀ ਜੀਓਂਗ ਨੇ ਗੋਲ ਕਰ ਕੇ ਸਕੋਰ 4-1 ਕੀਤਾ, ਪਰ ਭਾਰਤੀ ਡਿਫੈਂਸ ਨੇ ਵਿਰੋਧੀ ਟੀਮ ਨੂੰ ਹੋਰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਮੈਚ ਦੇ 56ਵੇਂ ਮਿੰਟ ਵਿੱਚ ਸੁਪ੍ਰੀਆ ਨੇ ਇੱਕ ਹੋਰ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਭਾਰਤ ਦੀ 5-1 ਨਾਲ ਜਿੱਤ ਯਕੀਨੀ ਕਰ ਦਿੱਤੀ। ਹੁਣ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਚੀਨ ਅਤੇ ਜਪਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।

Leave a Comment

Your email address will not be published. Required fields are marked *