ਫਲਾਈ ਦੁਬਈ ਮਾਮਲਾ: ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨੂੰ ਦੱਸਿਆ ‘ਕੁੱਲ ਆਲਮ ਦਾ ਨਾਇਕ’; ਆਜ਼ਾਦੀ ਦਿਹਾੜੇ ਲਈ ਦਿੱਤਾ ਵਿਸ਼ੇਸ਼ ਸੱਦਾ

ਤਲ ਅਵੀਵ, 5 ਅਕਤੂਬਰ:  ਦੁਬਈ ਤੋਂ ਤਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਨੂੰ ਡੇਗਣ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਵਾਲੇ ਭਾਰਤੀ ਪਾਇਲਟ ਸਮਿਤ ਮੱਛਾਰ ਦੀ ਬਹਾਦਰੀ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ 38 ਸਾਲਾ ਭਾਰਤੀ ਪਾਇਲਟ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ‘ਕੁੱਲ ਆਲਮ ਦਾ ਨਾਇਕ’ ਗਰਦਾਨਿਆ ਹੈ। ਨੇਤਨਯਾਹੂ ਨੇ ਕੈਪਟਨ ਮੱਛਾਰ ਤੋਂ ਕੌਕਪਿਟ ਵਿੱਚ ਵਾਪਰੇ ਖੌਫ਼ਨਾਕ ਪਲਾਂ ਦੇ ਵੇਰਵੇ ਜਾਣੇ ਅਤੇ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਇਜ਼ਰਾਈਲ ਦੇ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦਾ ਸਿਖਰਲਾ ਸਨਮਾਨ ਮੰਨੀ ਜਾਂਦੀ ਮਸ਼ਾਲ ਜਗਾਉਣ ਦਾ ਰਸਮੀ ਸੱਦਾ ਦਿੱਤਾ। ਸਮਿਤ ਮੱਛਾਰ ਇਸ ਵੇਲੇ ਯੂ.ਏ.ਈ. ਦੇ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ, ਜਦਕਿ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨਾਲ ਫੋਨ ‘ਤੇ ਗੱਲ ਕਰ ਕੇ ਹਾਲ-ਚਾਲ ਪੁੱਛ ਚੁੱਕੇ ਹਨ।

ਇਸ ਦੌਰਾਨ ਯੂ.ਏ.ਈ. ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਪਾਇਲਟਾਂ ਦੇ ਨਾਂ, ਉਨ੍ਹਾਂ ਦੀ ਕੌਮੀਅਤ ਅਤੇ ਯਾਤਰੀਆਂ ਦੀ ਪੂਰੀ ਸੂਚੀ ਸਮੇਤ ਸੁਰੱਖਿਆ ਨਾਲ ਜੁੜੇ ਅਹਿਮ ਵੇਰਵੇ ਇਜ਼ਰਾਈਲ ਨਾਲ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਮੁੱਢਲੇ ਤੌਰ ‘ਤੇ ਕਈ ਪ੍ਰਮੁੱਖ ਸੁਰੱਖਿਆ ਖ਼ਾਮੀਆਂ ਸਾਹਮਣੇ ਆਈਆਂ ਹਨ।

ਦੂਜੇ ਪਾਸੇ, ਜਹਾਜ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਓਮਾਨੀ ਸਹਿ-ਪਾਇਲਟ ਹਮਾਮ ਅਲ-ਹਮਾਮੀ ਦੇ ਆਸਟਰੇਲੀਆਈ ਕਨੈਕਸ਼ਨ ਦੀਆਂ ਖ਼ਬਰਾਂ ਤੋਂ ਬਾਅਦ ਕੈਨਬਰਾ ਸਰਕਾਰ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਅਲ-ਹਮਾਮੀ 2015 ਤੋਂ 2017 ਦਰਮਿਆਨ ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਵਿੱਚ ਪੜ੍ਹਿਆ ਸੀ, ਪਰ ਬਾਅਦ ਵਿੱਚ ਕਿਸੇ ਕੋਰਸ ਵਿੱਚ ਦਾਖ਼ਲਾ ਨਾ ਲੈਣ ਕਰਕੇ 2019 ਵਿੱਚ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ।

Leave a Comment

Your email address will not be published. Required fields are marked *