
ਸਿਡਨੀ, 10 ਨਵੰਬਰ: ਸਿਡਨੀ ਵਿੱਚ ਭਾਰੀ ਮੀਂਹ ਦੇ ਬਾਵਜੂਦ ਪਰਵਾਸ ਦੇ ਮੁੱਦੇ ‘ਤੇ ਦੋ ਵੱਖ-ਵੱਖ ਧਿਰਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਰਾਇਲ ਬੋਟੈਨਿਕ ਗਾਰਡਨ ਵਿਖੇ ‘ਮਾਰਚ ਫਾਰ ਆਸਟਰੇਲੀਆ’ ਦੇ ਬੈਨਰ ਹੇਠ ਪਰਵਾਸ-ਵਿਰੋਧੀ ਰੈਲੀ ਕੱਢੀ ਗਈ, ਜਿਸ ਵਿੱਚ ਲਗਪਗ 2,000 ਲੋਕਾਂ ਨੇ ਸ਼ਮੂਲੀਅਤ ਕੀਤੀ। ਹਾਈਡ ਪਾਰਕ ਅਤੇ ਸੰਸਦ ਭਵਨ ਵੱਲ ਮਾਰਚ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਪਰਵਾਸ ਨੂੰ ਰੋਕਣ ਅਤੇ ‘ਆਸਟਰੇਲੀਆ ਫ਼ਰਸਟ’ ਨੀਤੀ ਲਾਗੂ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਦੀਆਂ ਪਰਵਾਸ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਦੂਜੇ ਪਾਸੇ, ਸਿਡਨੀ ਟਾਊਨ ਹਾਲ ਵਿਖੇ ਪਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਸਮਰਥਨ ਵਿੱਚ ਇੱਕ ਜਵਾਬੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ 100 ਤੋਂ ਘੱਟ ਲੋਕ ਸ਼ਾਮਲ ਹੋਏ। ਸ਼ਰਨਾਰਥੀ ਹਮਾਇਤੀ ਜਥੇਬੰਦੀਆਂ ਨੇ ਨਸਲਵਾਦ ਅਤੇ ਪਰਵਾਸੀਆਂ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਹਾਲ ਹੀ ਦੇ ਸਮੇਂ ਵਿੱਚ ਪਰਵਾਸੀਆਂ ਖ਼ਿਲਾਫ਼ ਨਸਲੀ ਟਿੱਪਣੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਪ੍ਰਦਰਸ਼ਨਾਂ ਦੌਰਾਨ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਆਈਆਂ ਤਾਂ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਹੋ ਗਿਆ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਲਗਪਗ 20 ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਅਤੇ ‘ਵਨ ਨੇਸ਼ਨ’ ਦੇ ਕੁਝ ਸਮਰਥਕਾਂ ਨੂੰ ਇੱਕ-ਦੂਜੇ ਤੋਂ ਵੱਖ ਕੀਤਾ। ਇਨ੍ਹਾਂ ਘਟਨਾਵਾਂ ਨੇ ਆਸਟਰੇਲੀਆ ਵਿੱਚ ਪਰਵਾਸ, ਰਾਸ਼ਟਰੀ ਪਛਾਣ ਅਤੇ ਬਹੁ-ਸੱਭਿਆਚਾਰਕ ਸਮਾਜ ਨੂੰ ਲੈ ਕੇ ਚੱਲ ਰਹੀ ਸਿਆਸੀ ਬਹਿਸ ਨੂੰ ਇੱਕ ਵਾਰ ਫਿਰ ਤੇਜ਼ ਕਰ ਦਿੱਤਾ ਹੈ।





