ਆਸਟਰੇਲੀਆ ‘ਚ ਹੁਨਰਮੰਦ ਕਾਮਿਆਂ ਦੀ ਭਾਰੀ ਕਮੀ, ਸਿਹਤ ਤੇ ਤਕਨੀਕੀ ਖੇਤਰਾਂ ‘ਚ ਵੀਜ਼ਾ ਪ੍ਰਾਪਤ ਕਰਨ ਦੇ ਵੱਡੇ ਮੌਕੇ

ਸਿਡਨੀ, 6 ਸਤੰਬਰ: ਆਵਾਸ ‘ਤੇ ਰੋਕ ਲਗਾਉਣ ਦੀਆਂ ਚਰਚਾਵਾਂ ਦੇ ਬਾਵਜੂਦ ਆਸਟਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਅਜੇ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਦੌਰਾਨ ਜਾਂਚੇ ਗਏ 1,022 ਕਿੱਤਿਆਂ ਵਿੱਚੋਂ 29 ਫ਼ੀਸਦੀ (293 ਕਿੱਤੇ) ਅਜਿਹੇ ਹਨ, ਜਿਨ੍ਹਾਂ ਵਿੱਚ ਕਾਮਿਆਂ ਦੀ ਬਹੁਤ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਅੰਕੜਾ 2023 ਦੇ 36 ਫ਼ੀਸਦੀ ਅਤੇ 2024 ਦੇ 33 ਫ਼ੀਸਦੀ ਨਾਲੋਂ ਕੁਝ ਘੱਟ ਹੈ, ਪਰ ਕਈ ਅਹਿਮ ਖੇਤਰਾਂ ਵਿੱਚ ਮਾਹਿਰਾਂ ਦੀ ਕਮੀ ਲਗਾਤਾਰ ਬਰਕਰਾਰ ਹੈ। ਅੰਦਾਜ਼ੇ ਮੁਤਾਬਕ ਸਾਲ 2035 ਤੱਕ ਦੇਸ਼ ਵਿੱਚ ਲਗਭਗ 80,000 ਨਰਸਾਂ ਦੀ ਘਾਟ ਹੋ ਸਕਦੀ ਹੈ।

ਸਿਹਤ ਖੇਤਰ ਵਿੱਚ ਡਾਕਟਰਾਂ, ਨਰਸਾਂ, ਮਾਨਸਿਕ ਰੋਗਾਂ ਦੇ ਮਾਹਿਰਾਂ, ਬਜ਼ੁਰਗਾਂ ਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਮੰਗ ਸਭ ਤੋਂ ਵਧੇਰੇ ਹੈ। ਇਸ ਤੋਂ ਇਲਾਵਾ ਉਸਾਰੀ ਅਤੇ ਤਕਨੀਕੀ ਖੇਤਰ ਵਿੱਚ ਲਗਭਗ ਅੱਧੇ ਦਸਤਕਾਰੀ ਕਿੱਤੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਬਿਜਲੀ ਮਿਸਤਰੀ, ਪਲੰਬਰ, ਤਰਖਾਣ, ਵੈਲਡਰ ਅਤੇ ਮਕੈਨਿਕ ਪ੍ਰਮੁੱਖ ਹਨ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਘਾਟ ਵਾਲੇ 123 ਕਿੱਤਿਆਂ ਵਿੱਚੋਂ 65 ਕਿੱਤੇ ਸਿਰਫ਼ ਤਕਨੀਕੀ ਅਤੇ ਦਸਤਕਾਰੀ ਖੇਤਰ ਨਾਲ ਹੀ ਸਬੰਧਤ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਹੋਰ ਵਧੇਗੀ। ਇਸ ਵੱਡੇ ਪਾੜੇ ਨੂੰ ਪੂਰਨ ਲਈ ਸਰਕਾਰ ਨੇ ਸਾਲ 2026-27 ਲਈ ਵੱਖ-ਵੱਖ ਖੇਤਰਾਂ ਦੇ ਸਕਿੱਲਡ ਕਾਮਿਆਂ ਵਾਸਤੇ 1,86,000 ਵੀਜ਼ੇ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ।

Leave a Comment

Your email address will not be published. Required fields are marked *