ਜਗਤਾਰ ਸਿੰਘ ਹਵਾਰਾ ਨੂੰ ਮਿਲ ਸਕਦੀ ਹੈ ਸੀਮਿਤ ਸਮੇਂ ਲਈ ਪੈਰੋਲ; ਮਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਰਾਜਪਾਲ ਨੇ ਮੰਗੀ ਰਿਪੋਰਟ

ਚੰਡੀਗੜ੍ਹ, 12 ਅਗਸਤ: ਦਿੱਲੀ ਦੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਆਧਾਰ ’ਤੇ ਮੁੱਢਲੇ ਪੜਾਅ ’ਤੇ ਸੀਮਿਤ ਸਮੇਂ ਲਈ ਪੈਰੋਲ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਵਾਰਾ ਦੀ ਮਾਤਾ ਦੀ ਵਿਗੜ ਰਹੀ ਸਿਹਤ ਅਤੇ ਉਨ੍ਹਾਂ ਦੀ ਅੰਤਿਮ ਇੱਛਾ ਦੇ ਮੱਦੇਨਜ਼ਰ 10 ਦਿਨਾਂ ਦੀ ਪੈਰੋਲ ਦੇਣ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਵੀ ਕੀਤੀ ਹੈ।

ਸੂਤਰਾਂ ਮੁਤਾਬਕ ਰਾਜਪਾਲ ਵੱਲੋਂ ਪੀ.ਜੀ.ਆਈ. (PGI) ਦੇ ਡਾਕਟਰਾਂ ਦੀ ਟੀਮ ਜ਼ريਏ ਜਗਤਾਰ ਸਿੰਘ ਹਵਾਰਾ ਦੀ ਮਾਂ ਦੀ ਸਿਹਤ ਦੀ ਜਾਂਚ ਰਿਪੋਰਟ ਮੰਗਵਾ ਲਈ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਹਵਾਰਾ ਨੂੰ 10 ਦਿਨ ਦੀ ਬਜਾਏ ਕੁਝ ਘੰਟਿਆਂ ਜਾਂ ਇੱਕ ਦਿਨ ਦੀ ਸੀਮਿਤ ਪੈਰੋਲ ਦੇਣ ਦੇ ਰੌਂਅ ਵਿੱਚ ਹੈ, ਜੋ ਕਿ ਇੱਕ-ਦੋ ਦਿਨਾਂ ਵਿੱਚ ਮਿਲ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰੋਲ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਲਈ ਹੈ।

ਜਗਤਾਰ ਸਿੰਘ ਹਵਾਰਾ ਪਿਛਲੇ ਲਗਭਗ 31 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਪੰਥਕ ਧਿਰਾਂ ਲੰਮੇ ਸਮੇਂ ਤੋਂ ਉਨ੍ਹਾਂ ਦੀ ਪੈਰੋਲ ਦੀ ਮੰਗ ਕਰ ਰਹੀਆਂ ਸਨ। ਇਸ ਫ਼ੈਸਲੇ ਨਾਲ ਸੂਬੇ ਦੀ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੀਕਰਨਾਂ ਉੱਤੇ ਵੀ ਮਹੱਤਵਪੂਰਨ ਅਸਰ ਪੈਣ ਦੀ ਉਮੀਦ ਹੈ। ਹਵਾਰਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ 4 ਹਫ਼ਤੇ ਦੀ ਪੈਰੋਲ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ।

ਜਗਤਾਰ ਸਿੰਘ ਹਵਾਰਾ ਨੂੰ ਸਾਲ 1995 ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਟ੍ਰਾਇਲ ਕੋਰਟ ਨੇ 2007 ਵਿੱਚ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਕਤੂਬਰ 2010 ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਸਮੇਂ ਉਹ ਨਵੀਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ।

Leave a Comment

Your email address will not be published. Required fields are marked *