
ਚੰਡੀਗੜ੍ਹ, 1 ਸਤੰਬਰ: ਮੈਡੀਕਲ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੇ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਨੀਟ (NEET) ਦੀ ਪ੍ਰੀਖਿਆ ਤਾਂ ਪਾਸ ਕਰ ਲਈ ਹੈ, ਪਰ ਹੁਣ ਡਾਕਟਰੀ ਦੀ ਪੜ੍ਹਾਈ ਲਈ ਲੋੜੀਂਦੀ ਮੋਟੀ ਫ਼ੀਸ ਉਨ੍ਹਾਂ ਦੇ ਸੁਪਨਿਆਂ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਗਈ ਹੈ। ਵੱਖ-ਵੱਖ ਪਿੰਡਾਂ ਦੇ ਲਗਨਸ਼ੀਲ ਵਿਦਿਆਰਥੀਆਂ ਦੀਆਂ ਸਫ਼ਲਤਾਵਾਂ ਹੁਣ ਫ਼ੀਸਾਂ ਦਾ ਜੁਗਾੜ ਨਾ ਹੋਣ ਕਾਰਨ ਚਿੰਤਾ ਅਤੇ ਨਿਰਾਸ਼ਾ ਵਿੱਚ ਬਦਲ ਚੁੱਕੀਆਂ ਹਨ।
ਮਲੋਟ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਨੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਪੜ੍ਹਦਿਆਂ ਦਸਵੀਂ ਵਿੱਚੋਂ 90 ਫ਼ੀਸਦੀ ਅਤੇ ਬਾਰ੍ਹਵੀਂ ਵਿੱਚੋਂ 95.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਨੀਟ ਪਾਸ ਕਰਨ ਤੋਂ ਬਾਅਦ ਉਸ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਸੀਟ ਅਲਾਟ ਹੋਈ, ਪਰ ਢਾਈ ਲੱਖ ਰੁਪਏ ਦੇ ਕਰੀਬ ਫ਼ੀਸ ਦਾ ਫ਼ਰਮਾਨ ਸੁਣ ਕੇ ਪਰਿਵਾਰ ਦੇ ਚਾਅ ਧਰੇ-ਧਰਾਏ ਰਹਿ ਗਏ। ਮਹਿਕਦੀਪ ਦੀ ਕੋਚਿੰਗ ਲਈ ਮਾਪਿਆਂ ਨੂੰ ਆਪਣੇ ਵਿਆਹ ਦੀ ਆਖਰੀ ਨਿਸ਼ਾਨੀ ਗਹਿਣੇ ਵੇਚਣੇ ਪਏ ਸਨ ਅਤੇ ਹੁਣ 2.43 ਲੱਖ ਰੁਪਏ ਦੀ ਦਾਖਲਾ ਫ਼ੀਸ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਆਪਣੀ ਗਾਂ ਵੀ 50 ਹਜ਼ਾਰ ਰੁਪਏ ਵਿੱਚ ਵੇਚਣੀ ਪਈ ਹੈ। ਤੇਲ ਪੰਪ ‘ਤੇ ਕੰਮ ਕਰਦੇ ਪਿਤਾ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ, ਜਿਸ ਕਾਰਨ ਮਹਿਕਦੀਪ ਫ਼ੀਸ ਨਾ ਭਰੀ ਜਾਣ ਦੀ ਸੂਰਤ ਵਿੱਚ ਕੋਈ ਹੋਰ ਰਾਹ ਲੱਭਣ ਲਈ ਮਜਬੂਰ ਹੈ।
ਇਸੇ ਤਰ੍ਹਾਂ ਮਲੋਟ ਦੇ ਰਹਿਣ ਵਾਲੇ ਅਮਨ ਨੇ ਬਾਰ੍ਹਵੀਂ ਵਿੱਚੋਂ 96.2 ਫ਼ੀਸਦੀ ਅੰਕ ਲੈ ਕੇ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਸੀਟ ਪੱਕੀ ਕੀਤੀ ਹੈ, ਪਰ 1.10 ਲੱਖ ਰੁਪਏ ਦੀ ਫ਼ੀਸ ਭਰਨਾ ਉਸ ਦੇ ਪਰਿਵਾਰ ਲਈ ਅਸੰਭਵ ਜਾਪ ਰਿਹਾ ਹੈ। ਅਮਨ ਦੇ ਪਿਤਾ ਲੋਹੇ ਦੀ ਫੈਕਟਰੀ ਵਿੱਚ ਦਿਹਾੜੀ ਕਰਦੇ ਹਨ ਅਤੇ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਹੋਏ ਹਨ, ਜਦਕਿ ਅਮਨ ਨੇ ਖੁਦ ਵੀ ਛੁੱਟੀਆਂ ਵਿੱਚ ਦਿਹਾੜੀਆਂ ਕਰ ਕੇ ਮਿਹਨਤ ਕੀਤੀ ਸੀ। ਠੀਕ ਇਸੇ ਤਰ੍ਹਾਂ ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਨੇ ਬਠਿੰਡਾ ਮੈਰੀਟੋਰੀਅਸ ਸਕੂਲ ਤੋਂ ਵਧੀਆ ਅੰਕ ਲੈ ਕੇ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲਾ ਹਾਸਲ ਕੀਤਾ ਹੈ, ਪਰ 1.10 ਲੱਖ ਫ਼ੀਸ ਅਤੇ 50 ਹਜ਼ਾਰ ਹੋਸਟਲ ਖਰਚੇ ਦਾ ਇੰਤਜ਼ਾਮ ਕਰਨ ਦੀ ਅੰਤਿਮ ਤਰੀਕ 5 ਸਤੰਬਰ ਨੇੜੇ ਆਉਣ ਨਾਲ ਪਰਿਵਾਰ ਦੀਆਂ ਉਮੀਦਾਂ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ।
ਮੋਗਾ ਦੇ ਪਿੰਡ ਜੋਗੇਵਾਲਾ ਦੀ ਅੰਗਹੀਣ ਧੀ ਅਨਮੋਲਪ੍ਰੀਤ ਕੌਰ ਨੇ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਤੋਂ ਬਾਰ੍ਹਵੀਂ ਵਿੱਚ 96 ਫ਼ੀਸਦੀ ਅੰਕ ਹਾਸਲ ਕਰ ਕੇ ਏਮਜ਼ ਬਠਿੰਡਾ ਵਿੱਚ ਸੀਟ ਹਾਸਲ ਕੀਤੀ ਹੈ ਅਤੇ ਹੁਣ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਸੇ ਵਜ਼ੀਫ਼ੇ ਦਾ ਰਾਹ ਤੱਕ ਰਹੀ ਹੈ। ਦੂਜੇ ਪਾਸੇ, ਜਲਾਲਾਬਾਦ ਦੇ ਪਿੰਡ ਕੰਨਾਨਾ ਵਾਲੇ ਝੁਗੇ ਦੇ ਮਜ਼ਦੂਰ ਦੇ ਪੁੱਤਰ ਪ੍ਰਿੰਸ ਨੂੰ ਜਲੰਧਰ ਦੇ ਪਿਮਸ ਕਾਲਜ ਵਿੱਚ ਸੀਟ ਮਿਲੀ ਹੈ, ਪਰ 4.70 ਲੱਖ ਰੁਪਏ ਦੀ ਭਾਰੀ ਫ਼ੀਸ ਉਸ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਉਹ ਹੁਣ ਸਰਕਾਰੀ ਕਾਲਜ ਵਿੱਚ ਕੋਈ ਬਦਲ ਲੱਭ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਲਗਭਗ 800 ਬੱਚਿਆਂ ਦੀ ਨੀਟ ਵਿੱਚ ਸਫ਼ਲਤਾ ਦਾ ਪ੍ਰਚਾਰ ਤਾਂ ਕੀਤਾ ਜਾ ਰਿਹਾ ਹੈ, ਪਰ ਔਖੀ ਘੜੀ ਵਿੱਚ ਇਨ੍ਹਾਂ ਗਰੀਬ ਬੱਚਿਆਂ ਦੀ ਫ਼ੀਸ ਲਈ ਕੋਈ ਠੋਸ ਮਦਦ ਨਹੀਂ ਦਿੱਤੀ ਜਾ ਰਹੀ। ਮੈਰੀਟੋਰੀਅਸ ਸਕੂਲਾਂ ਦੇ ਕਰੀਬ 300 ਅਧਿਆਪਕ, ਜੋ ਖੁਦ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਆਪਣੇ ਪੱਧਰ ‘ਤੇ ਇਨ੍ਹਾਂ 168 ਦੇ ਕਰੀਬ ਪਾਸ ਹੋਏ ਬੱਚਿਆਂ ਦੀ ਵਿੱਤੀ ਸਹਾਇਤਾ ਲਈ ਯਤਨ ਕਰ ਰਹੇ ਹਨ। ਇਨ੍ਹਾਂ ਹੋਣਹਾਰ ਬੱਚਿਆਂ ਦੀਆਂ ਬਲੀ ਚੜ੍ਹ ਰਹੀਆਂ ਰੀਝਾਂ ਸਰਕਾਰੀ ਪ੍ਰਬੰਧਾਂ ਅਤੇ ਵਿੱਤੀ ਮਦਦ ਦੀ ਘਾਟ ‘ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।





