ਨੇਪਾਲ ‘ਚ ਕੁਦਰਤ ਦਾ ਕਹਿਰ: ਭਿਆਨਕ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 1,350 ਤੋਂ ਪਾਰ, ਹਜ਼ਾਰਾਂ ਲੋਕ ਅਜੇ ਵੀ ਲਾਪਤਾ

ਕਾਠਮੰਡੂ, 7 ਸਤੰਬਰ: ਨੇਪਾਲ ਵਿੱਚ ਭਾਰੀ ਤਬਾਹੀ ਮਚਾਉਣ ਵਾਲੇ ਅਚਾਨਕ ਆਏ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ ਵਧ ਕੇ 1,355 ਤੱਕ ਪਹੁੰਚ ਗਈ ਹੈ। ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.ਏ.) ਅਨੁਸਾਰ ਪ੍ਰਭਾਵਿਤ ਖੇਤਰਾਂ ਵਿੱਚੋਂ ਲਗਾਤਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ 13,396 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ, ਜਦੋਂ ਕਿ 589 ਵਿਦੇਸ਼ੀ ਨਾਗਰਿਕਾਂ ਸਮੇਤ ਲਗਭਗ 4,996 ਲੋਕ ਅਜੇ ਵੀ ਲਾਪਤਾ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰਾਮਦ ਕੀਤੀਆਂ ਦੇਹਾਂ ਵਿੱਚ ਚਿਤਵਾਨ ਤੋਂ 363, ਨਵਲਪਰਾਸੀ ਪੂਰਬ ਤੋਂ 222, ਨਵਲਪਰਾਸੀ ਪੱਛਮ ਤੋਂ 221, ਨੁਵਾਕੋਟ ਤੋਂ 197, ਰਸੁਵਾ ਤੋਂ 169, ਗੋਰਖਾ ਤੋਂ 75, ਧਾਡਿੰਗ ਤੋਂ 70 ਅਤੇ ਤਾਨਾਹੁਨ ਤੋਂ 38 ਲਾਸ਼ਾਂ ਸ਼ਾਮਲ ਹਨ।

ਇਹ ਭਿਆਨਕ ਆਫ਼ਤ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਬਰਫ਼ ਅਤੇ ਚੱਟਾਨਾਂ ਦੇ ਖਿਸਕਣ ਕਾਰਨ ਆਏ ਹੜ੍ਹਾਂ ਤੋਂ ਬਾਅਦ ਸ਼ੁਰੂ ਹੋਈ ਸੀ। ਭੋਟੇਕੋਸ਼ੀ ਨਦੀ ਵਿੱਚ ਆਏ ਉਫ਼ਾਨ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਰੀ ਤਬਾਹੀ ਮਚਾਈ, ਜਿਸ ਨਾਲ ਘਰ, ਵਾਹਨ, ਸੜਕਾਂ ਅਤੇ ਪੁਲ ਬਹਿ ਗਏ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਥਿਤ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਸੁਰੰਗਾਂ ਵਿੱਚ ਸੈਂਕੜੇ ਲੋਕਾਂ ਦੇ ਫਸੇ ਹੋਣ ਖ਼ਦਸ਼ਾ ਹੈ, ਜਿੱਥੇ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ ‘ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਵਿੱਚ ਭਾਰਤ ਅਤੇ ਚੀਨ ਦੇ ਮਾਹਿਰ ਵੀ ਨੇਪਾਲੀ ਟੀਮਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ, ਚੀਨੀ ਪਾਸੇ ਵੀ ਇਸ ਆਫ਼ਤ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੱਬਤ ਵਿੱਚ 500 ਤੋਂ ਵੱਧ ਲੋਕ ਲਾਪਤਾ ਹਨ।

Leave a Comment

Your email address will not be published. Required fields are marked *