ਪਬਲਿਕ ਐਡਮਿਨਿਸਟਰੇਸ਼ਨ ਵਿਭਾਗ ਵੱਲੋਂ ‘ਲੋਕ ਪ੍ਰਸ਼ਾਸਨ ਵਿੱਚ ਅਰਥਸ਼ਾਸਤਰ ਦੀ ਭੂਮਿਕਾ ਅਤੇ ਮਹੱਤਤਾ’ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ

ਬਰਨਾਲਾ, 3 ਸਤੰਬਰ: ਐੱਸ. ਡੀ. ਕਾਲਜ ਦੇ ਪਬਲਿਕ ਐਡਮਿਨਿਸਟਰੇਸ਼ਨ (ਲੋਕ ਪ੍ਰਸ਼ਾਸਨ) ਵਿਭਾਗ ਵੱਲੋਂ 1 ਸਤੰਬਰ ਨੂੰ “ਲੋਕ ਪ੍ਰਸ਼ਾਸਨ ਵਿੱਚ ਅਰਥਸ਼ਾਸਤਰ ਦੀ ਭੂਮਿਕਾ ਅਤੇ ਇਸ ਦੀ ਮਹੱਤਤਾ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਡਾ. ਰਾਜੇਸ਼ ਗੁਪਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਰਾਜੇਸ਼ ਗੁਪਤਾ ਨੇ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਅਰਥਸ਼ਾਸਤਰ ਦੇ ਮੁੱਖ ਸਿਧਾਂਤਾਂ ਅਤੇ ਇਸ ਦੇ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਅਰਥਸ਼ਾਸਤਰੀਆਂ ਦੇ ਮਹੱਤਵ ਉੱਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ ਆਰਥਿਕ ਨੀਤੀਆਂ ਅਤੇ ਸਿਧਾਂਤ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਡਾ. ਗੁਪਤਾ ਨੇ ਬਹੁਤ ਹੀ ਤਸੱਲੀਬਖ਼ਸ਼ ਜਵਾਬ ਦਿੱਤੇ।

ਵਿਭਾਗ ਦੇ ਮੁਖੀ ਪ੍ਰੋ. ਸ਼ਿਵਾਨੀ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕ ਪ੍ਰਸ਼ਾਸਨ ਅਤੇ ਅਰਥਸ਼ਾਸਤਰ ਦਾ ਆਪਸੀ ਸਬੰਧ ਬਹੁਤ ਮਹੱਤਵਪੂਰਨ ਹੈ। ਇੱਕ ਚੰਗੇ ਪ੍ਰਸ਼ਾਸਕ ਲਈ ਆਰਥਿਕ ਸੂਝ-ਬੂਝ ਦਾ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਜਨਤਕ ਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਹ ਆਸ ਪ੍ਰਗਟਾਈ ਕਿ ਇਹ ਸੈਮੀਨਾਰ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਹਾਰਕ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ।

Leave a Comment

Your email address will not be published. Required fields are marked *