ਐੱਸ.ਡੀ. ਕਾਲਜ ਬਰਨਾਲਾ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਅਤੇ ਇੰਡਕਸ਼ਨ ਪ੍ਰੋਗਰਾਮ ਆਯੋਜਿਤ

ਬਰਨਾਲਾ, 1 ਅਗਸਤ (ਐਸਟੀਪੀ ਨਿਊਜ਼): ਐੱਸ.ਡੀ. ਕਾਲਜ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਨਵੇਂ ਦਾਖ਼ਲ ਹੋਏ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਅਤੇ ਇੰਡਕਸ਼ਨ ਪ੍ਰੋਗਰਾਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਅਤੇ ਪੜ੍ਹਾਈ ਪ੍ਰਣਾਲੀ ਨਾਲ ਸੁਖਾਲੇ ਢੰਗ ਨਾਲ ਜੋੜਿਆ ਜਾ ਸਕੇ।

ਬੀ.ਵੋਕ MLMDT ਵਿਭਾਗ ਵੱਲੋਂ 29 ਜੁਲਾਈ 2026 ਨੂੰ ਆਯੋਜਿਤ ਪ੍ਰੋਗਰਾਮ ਵਿੱਚ ਪ੍ਰੋਫੈਸਰ ਪੂਨਮ ਗਰਗ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਵਿਭਾਗ ਦੇ ਮੁਖੀ ਡਾ. ਵੰਦਨਾ ਕੁਕਰੇਜਾ ਨੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾਵਾਂ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਸੈੱਲਾਂ ਅਤੇ ਕਲੱਬਾਂ—ਜਿਵੇਂ ਕਿ SC/BC ਅਤੇ ਘੱਟ ਗਿਣਤੀ ਸੈੱਲ, ਯੂਥ ਸਰਵਿਸਿਜ਼ ਕਲੱਬ, ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ, ਅਤੇ ਵਿਦਿਆਰਥੀ ਸ਼ਿਕਾਇਤ ਨਿਵਾਰਨ ਸੈੱਲ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰਬੰਧਕੀ ਬਲਾਕ, ਲਾਇਬ੍ਰੇਰੀ, ਬੱਸ ਪਾਸ, ਟਾਈਮ ਟੇਬਲ ਅਤੇ ਪ੍ਰੀਖਿਆ ਪ੍ਰਣਾਲੀ ਬਾਰੇ ਦੱਸਿਆ ਗਿਆ। ਪ੍ਰੋ. ਰਣਦੀਪ ਸ਼ਰਮਾ ਨੇ ਖੇਡਾਂ ਤੇ ਯੁਵਕ ਮੇਲਿਆਂ ਅਤੇ ਪ੍ਰੋ. ਮਨਪ੍ਰੀਤ ਕੌਰ ਨੇ ਐੱਨ.ਐੱਸ.ਐੱਸ. ਤੇ ਐੱਨ.ਸੀ.ਸੀ. ਗਤੀਵਿਧੀਆਂ ਬਾਰੇ ਪ੍ਰੇਰਿਤ ਕੀਤਾ।

ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਜ਼ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰਵੇਸ਼ ਸਿੰਘ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਵਿਭਾਗ ਦੇ ਅਕਾਦਮਿਕ ਮਾਹੌਲ, ਪਾਠਕ੍ਰਮ ਅਤੇ ਆਧੁਨਿਕ ਤਕਨੀਕੀ ਸਹੂਲਤਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਸ਼ੋਇਬ ਜ਼ਫ਼ਰ ਅਤੇ ਪ੍ਰੋ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਮਲੀ ਤਜਰਬਾ ਹਾਸਲ ਕਰਨ ਅਤੇ ਪੱਤਰਕਾਰੀ ਵਾ ਮਲਟੀਮੀਡੀਆ ਹੁਨਰ ਨਿਖਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਅੰਮ੍ਰਿਤਪਾਲ ਸਿੰਘ ਨੇ ਵੀ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਦਾ ਹੌਸਲਾ ਵਧਾਇਆ।

ਕੰਪਿਊਟਰ ਵਿਭਾਗ ਵੱਲੋਂ ਬੀ.ਸੀ.ਏ. (BCA) ਦੇ ਨਵੇਂ ਵਿਦਿਆਰਥੀਆਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਵਿਭਾਗ ਦੇ ਮੁਖੀ ਨੇ ਫੈਕਲਟੀ ਮੈਂਬਰਾਂ ਦੀ ਪਛਾਣ ਕਰਵਾਈ। ਵਿਦਿਆਰਥੀਆਂ ਨੂੰ ਕੋਰਸ ਦੀ ਬਣਤਰ, ਅਕਾਦਮਿਕ ਨਿਯਮਾਂ, ਹਾਜ਼ਰੀ, ਪ੍ਰੀਖਿਆ ਪ੍ਰਣਾਲੀ, ਕੋਡਿੰਗ ਅਭਿਆਸ, ਪ੍ਰੋਜੈਕਟ ਵਰਕ, ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਬੀ.ਵੋਕ (ਸਾਫਟਵੇਅਰ ਡਿਵੈਲਪਮੈਂਟ) ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਕਲਾਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਸਹੂਲਤਾਂ, ਸਿਲੇਬਸ, ਵਿਸ਼ਿਆਂ, ਲਾਇਬ੍ਰੇਰੀ, ਖੇਡਾਂ, ਵਜ਼ੀਫ਼ਿਆਂ (Scholarships), ਪਲੇਸਮੈਂਟਸ, ਵਿਦਿਅਕ ਦੌਰਿਆਂ (Educational Tours), ਉਦਯੋਗਿਕ ਦੌਰਿਆਂ (Industrial Visits) ਅਤੇ ਕਾਲਜ ਦੀ ਮੋਬਾਈਲ ਐਪਲੀਕੇਸ਼ਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਾਰੇ ਵਿਦਿਆਰਥੀਆਂ ਦਾ ‘ਐੱਸ.ਡੀ. ਪਰਿਵਾਰ’ ਵਿੱਚ ਸਵਾਗਤ ਕੀਤਾ ਗਿਆ।

Leave a Comment

Your email address will not be published. Required fields are marked *