
ਚੰਡੀਗੜ੍ਹ, 31 ਅਗਸਤ: ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ ਸੂਬੇ ਵਿੱਚ ਜ਼ਮੀਨੀ ਪਾਣੀ ਕੱਢਣ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2025 ਦੌਰਾਨ ਪਾਣੀ ਕੱਢਣ ਦੀ ਦਰ 156.36 ਫ਼ੀਸਦੀ ਸੀ, ਜੋ ਹੁਣ ਘੱਟ ਕੇ 152.22 ਫ਼ੀਸਦੀ ਰਹਿ ਗਈ ਹੈ। ਚਾਰ ਸਾਲ ਪਹਿਲਾਂ ਇਹ ਨਿਕਾਸੀ 163.80 ਫ਼ੀਸਦੀ ਸੀ, ਜਦੋਂ ਕਿ ਸਾਲ 2021-22 ਵਿੱਚ ਕੱਢੇ ਜਾਣ ਵਾਲੇ 28.01 ਅਰਬ ਕਿਊਬਿਕ ਮੀਟਰ ਪਾਣੀ ਦੇ ਮੁਕਾਬਲੇ ਹੁਣ ਇਹ ਨਿਕਾਸੀ ਘੱਟ ਕੇ 26.32 ਅਰਬ ਕਿਊਬਿਕ ਮੀਟਰ ਰਹਿ ਗਈ ਹੈ।
ਸੂਬੇ ਦੇ ਕੁੱਲ 153 ਬਲਾਕਾਂ ਵਿੱਚੋਂ 95 ਬਲਾਕਾਂ ਵਿੱਚ ਪਾਣੀ ਦੇ ਸੁਧਾਰ ਦੇ ਚੰਗੇ ਸੰਕੇਤ ਮਿਲੇ ਹਨ। ਇਸ ਬਦਲਾਅ ਨਾਲ 14 ਬਲਾਕਾਂ ਦੀ ਸ਼੍ਰੇਣੀ ਵਿੱਚ ਵੱਡਾ ਸੁਧਾਰ ਹੋਇਆ ਹੈ। ਫ਼ਾਜ਼ਿਲਕਾ ਦਾ ਅਰਨੀਵਾਲਾ, ਫ਼ਿਰੋਜ਼ਪੁਰ ਦਾ ਮੱਖੂ, ਹੁਸ਼ਿਆਰਪੁਰ ਦਾ ਹਾਜੀਪੁਰ ਅਤੇ ਪਠਾਨਕੋਟ ਦਾ ਨਰੋਟ ਜੈਮਲ ਸਿੰਘ ਬਲਾਕ ਹੁਣ ਨੀਮ-ਨਾਜ਼ੁਕ ਸ਼੍ਰੇਣੀ ਵਿੱਚੋਂ ਨਿਕਲ ਕੇ ਪੂਰੀ ਤਰ੍ਹਾਂ ਸੁਰੱਖਿਅਤ ਜ਼ੋਨ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ, ਮਮਦੋਟ, ਗੁਰਦਾਸਪੁਰ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ, ਭੂੰਗਾ, ਹੁਸ਼ਿਆਰਪੁਰ-2, ਮਾਹਿਲਪੁਰ, ਕੋਟ ਈਸੇ ਖਾਂ ਅਤੇ ਔੜ ਬਲਾਕਾਂ ਦੀ ਸਥਿਤੀ ਵਿੱਚ ਵੀ ਸੁਧਾਰ ਆਇਆ ਹੈ। ਨਾਜ਼ੁਕ ਸ਼੍ਰੇਣੀ ਵਾਲੇ ਬਲਾਕਾਂ ਦੀ ਗਿਣਤੀ ਪਿਛਲੇ ਸਾਲ ਦੀਆਂ 10 ਦੀ ਥਾਂ ਹੁਣ ਘੱਟ ਕੇ 6 ਰਹਿ ਗਈ ਹੈ। ਮੌਜੂਦਾ ਸਮੇਂ ਸੂਬੇ ਵਿੱਚ 110 ਬਲਾਕ ਅਤਿ-ਸ਼ੋਸ਼ਿਤ, 6 ਨਾਜ਼ੁਕ, 17 ਨੀਮ-ਨਾਜ਼ੁਕ ਅਤੇ 20 ਬਲਾਕ ਸੁਰੱਖਿਅਤ ਸ਼੍ਰੇਣੀ ਵਿੱਚ ਆਉਂਦੇ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਕੱਢੇ ਗਏ ਕੁੱਲ 26.32 ਅਰਬ ਕਿਊਬਿਕ ਮੀਟਰ ਪਾਣੀ ਵਿੱਚੋਂ 24.95 ਅਰਬ ਕਿਊਬਿਕ ਮੀਟਰ ਦੀ ਵਰਤੋਂ ਖੇਤੀਬਾੜੀ ਅਤੇ 1.38 ਅਰਬ ਕਿਊਬਿਕ ਮੀਟਰ ਦੀ ਵਰਤੋਂ ਘਰੇਲੂ ਤੇ ਉਦਯੋਗਿਕ ਖੇਤਰਾਂ ਵਿੱਚ ਹੋਈ ਹੈ। ਦੂਜੇ ਪਾਸੇ, ਸਾਲਾਨਾ ਰੀਚਾਰਜ 19.14 ਅਰਬ ਕਿਊਬਿਕ ਮੀਟਰ ਰਿਹਾ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਾਣੀ ਦੇ ਸੁਧਾਰ ‘ਤੇ ਧਿਆਨ ਦੇਣ ਸਦਕਾ ਨਹਿਰਾਂ ਰਾਹੀਂ ਪਾਣੀ ਦਾ ਰੀਚਾਰਜ ਵਧ ਕੇ 5.5 ਅਰਬ ਕਿਊਬਿਕ ਮੀਟਰ ਤੱਕ ਪਹੁੰਚ ਗਿਆ ਹੈ, ਜੋ ਸਾਲ 2021-22 ਦੌਰਾਨ 4.5 ਅਰਬ ਕਿਊਬਿਕ ਮੀਟਰ ਸੀ। ਇਸ ਤੋਂ ਇਲਾਵਾ ਮੀਂਹ ਕਾਰਨ 5.53 ਅਰਬ ਕਿਊਬਿਕ ਮੀਟਰ ਅਤੇ ਡੇਰਾ ਬਾਬਾ ਨਾਨਕ ਤੇ ਅਜਨਾਲਾ ਖੇਤਰ ਵਿੱਚ ਹੜ੍ਹਾਂ ਕਾਰਨ ਵੀ ਰੀਚਾਰਜ ਵਧਿਆ ਹੈ। ਹਾਲਾਂਕਿ, ਫ਼ਰੀਦਕੋਟ, ਖਰੜ, ਬਲਾਚੌਰ ਅਤੇ ਰੋਪੜ ਵਿੱਚ ਪਾਣੀ ਦੀ ਸਥਿਤੀ ਪਹਿਲਾਂ ਨਾਲੋਂ ਖ਼ਰਾਬ ਹੋਈ ਹੈ ਅਤੇ ਰੋਪੜ ਸੁਰੱਖਿਅਤ ਜ਼ੋਨ ਤੋਂ ਨੀਮ-ਨਾਜ਼ੁਕ ਸ਼੍ਰੇਣੀ ਵਿੱਚ ਚਲਾ ਗਿਆ ਹੈ।





