
ਨਵੀਂ ਦਿੱਲੀ, 19 ਅਗਸਤ: ਯੂ.ਜੀ.ਸੀ. ਨੈੱਟ ਪ੍ਰੀਖਿਆਵਾਂ ਵਿੱਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੋ ਗਈ ਹੈ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਸਾਰੀਆਂ ਪ੍ਰੀਖਿਆ ਪ੍ਰਕਿਰਿਆਵਾਂ ਦਾ ਮੁਕੰਮਲ ਆਡਿਟ ਕਰਨ ਅਤੇ ਸੁਧਾਰ ਲਈ ਚੁੱਕੇ ਗਏ ਕਦਮਾਂ ਦੀ ਰਿਪੋਰਟ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਦੱਸਣਯੋਗ ਹੈ ਕਿ ਜੂਨ ਮਹੀਨੇ ਵਿੱਚ ਲਈ ਗਈ ਇਸ ਪ੍ਰੀਖਿਆ ਦੌਰਾਨ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰਾਂ ਵਿੱਚ ਕਈ ਗਲਤੀਆਂ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਏਜੰਸੀ ਨੇ ਇਨ੍ਹਾਂ ਤਿੰਨਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਇਹ ਪ੍ਰੀਖਿਆਵਾਂ ਆਉਂਦੀਆਂ 9 ਅਤੇ 10 ਸਤੰਬਰ ਨੂੰ ਦੁਬਾਰਾ ਕਰਵਾਈਆਂ ਜਾਣਗੀਆਂ।
ਇਸ ਮਾਮਲੇ ਸਬੰਧੀ ਸੋਮਵਾਰ ਨੂੰ ਸਿੱਖਿਆ ਮੰਤਰੀ ਨੇ ਮੰਤਰਾਲੇ ਅਤੇ ਐੱਨ.ਟੀ.ਏ. ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਸਿੱਖਿਆ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਤੈਅ ਪ੍ਰੀਖਿਆ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਾਨਫਿਡੈਂਸ਼ੀਅਲ ਆਪ੍ਰੇਸ਼ਨਜ਼ ਆਰਕੀਟੈਕਚਰ, ਵੱਖਰੇ ਕਮਰਿਆਂ, ਏਅਰ-ਗੈਪਡ ਸਿਸਟਮ ਅਤੇ ਡਿਵਾਈਸ ਜਮ੍ਹਾ ਕਰਨ ਦੀ ਪ੍ਰਕਿਰਿਆ ਵਿੱਚ ਜੰਗੀ ਪੱਧਰ ‘ਤੇ ਪੂਰੀ ਤਰ੍ਹਾਂ ਬਦਲਾਅ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਹਨ।
ਨੀਟ-ਯੂ.ਜੀ. ਪੇਪਰ ਲੀਕ ਵਿਵਾਦ ਤੋਂ ਕੁਝ ਹੀ ਮਹੀਨਿਆਂ ਬਾਅਦ ਸਾਹਮਣੇ ਆਈ ਇਸ ਨਵੀਂ ਲਾਪਰਵਾਹੀ ਕਾਰਨ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਜਿਵੇਂ ਕਿ ਐੱਨ.ਐੱਸ.ਯੂ.ਆਈ., ਐੱਸ.ਐੱਫ.ਆਈ. ਅਤੇ ਏ.ਬੀ.ਵੀ.ਪੀ. ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ ਦੀ ਮੰਗ ਕੀਤੀ ਗਈ ਹੈ।





