ਵਿੱਤੀ ਸੰਕਟ ਵਿਚਾਲੇ ਪੰਜਾਬ ਸਰਕਾਰ ਚੁੱਕੇਗੀ 2,000 ਕਰੋੜ ਰੁਪਏ ਦਾ ਹੋਰ ਕਰਜ਼ਾ

ਚੰਡੀਗੜ੍ਹ, 8 ਸਤੰਬਰ: ਵਿੱਤੀ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਸਰਕਾਰੀ ਸਟਾਕਾਂ ਦੀ ਵਿਕਰੀ ਰਾਹੀਂ 2,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਸਤੰਬਰ ਮਹੀਨੇ ਦੀ ਇਸ ਪਹਿਲੀ ਕਰਜ਼ਾ ਕਿਸ਼ਤ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ 17 ਸਾਲਾਂ ਦੀ ਮਿਆਦ ਵਾਲੇ ਸਰਕਾਰੀ ਸਟਾਕ ਵੇਚ ਕੇ 1,200 ਕਰੋੜ ਰੁਪਏ ਅਤੇ 9 ਸਾਲਾਂ ਦੀ ਮਿਆਦ ਵਾਲੇ ਸਟਾਕਾਂ ਰਾਹੀਂ 800 ਕਰੋੜ ਰੁਪਏ ਜੁਟਾਏ ਜਾਣਗੇ।
ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਮੌਜੂਦਾ ਵਿੱਤੀ ਵਰ੍ਹੇ ਵਿੱਚ ਜੁਲਾਈ ਮਹੀਨੇ ਤੱਕ ਹੀ 8,548.21 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ ਦੇ ਬਜਟ ਪ੍ਰਸਤਾਵਾਂ ਅਨੁਸਾਰ ਸੂਬਾ ਸਰਕਾਰ ਕੁੱਲ 39,970.64 ਕਰੋੜ ਰੁਪਏ ਤੱਕ ਦਾ ਕਰਜ਼ਾ ਚੁੱਕ ਸਕਦੀ ਹੈ।
ਦੂਜੇ ਪਾਸੇ, ਲਗਾਤਾਰ ਵਧ ਰਹੇ ਕਰਜ਼ੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਦੋਸ਼ ਲਗਾਇਆ ਕਿ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬੇ ਸੂਬੇ ਨੂੰ ਹੋਰ ਡੂੰਘੇ ਕਰਜ਼ੇ ਵਿੱਚ ਧੱਕਿਆ ਜਾ ਰਿਹਾ ਹੈ ਅਤੇ ਸਰਕਾਰ ਆਪਣੀਆਂ ਆਰਥਿਕ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਲਗਾਤਾਰ ਕਰਜ਼ੇ ਲੈ ਰਹੀ ਹੈ।

Leave a Comment

Your email address will not be published. Required fields are marked *