
ਬੰਗਲੂਰੂ, 27 ਜੁਲਾਈ – ਸ੍ਰੀਲੰਕਾ ਵਿਰੁੱਧ ਆਗਾਮੀ ਦੋ ਮੈਚਾਂ ਦੀ ਟੈਸਟ ਲੜੀ ਲਈ ਅਗਲੇ ਹਫ਼ਤੇ ਐਲਾਨੀ ਜਾਣ ਵਾਲੀ ਭਾਰਤੀ ਟੀਮ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿੱਟਨੈੱਸ ਮੁੱਖ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਟੀਮ ਨੇ ਆਪਣੇ ਇਸ ਦੌਰੇ ਦੀ ਸ਼ੁਰੂਆਤ 15 ਅਗਸਤ ਨੂੰ ਗਾਲੇ ਵਿੱਚ ਹੋਣ ਵਾਲੇ ਪਹਿਲੇ ਟੈਸਟ ਨਾਲ ਕਰਨੀ ਹੈ, ਜਦੋਂ ਕਿ ਦੂਜਾ ਟੈਸਟ 23 ਅਗਸਤ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ। ਗੌਰਤਲਬ ਹੈ ਕਿ ਬੁਮਰਾਹ ਆਪਣੇ ਖੱਬੇ ਗੋਡੇ ਦੀ ਸੱਟ ਅਤੇ ਸੋਜ ਕਾਰਨ ਲੰਡਨ ਦੇ ਲਾਰਡਜ਼ ਵਿਖੇ ਇੰਗਲੈਂਡ ਵਿਰੁੱਧ ਖੇਡੇ ਗਏ ਆਖ਼ਰੀ ਅਤੇ ਫ਼ੈਸਲਾਕੁਨ ਤੀਜੇ ਇੱਕ ਰੋਜ਼ਾ ਮੈਚ ਵਿੱਚੋਂ ਬਾਹਰ ਹੋ ਗਏ ਸਨ। ਇਸ ਮਾਮਲੇ ਨਾਲ ਸਬੰਧਤ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਬੁਮਰਾਹ ਦੇ ਰਿਕਵਰੀ ਪ੍ਰੋਸੈੱਸ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਟੈਸਟ ਲੜੀ ਸ਼ੁਰੂ ਹੋਣ ਵਿੱਚ ਅਜੇ ਤਕਰੀਬਨ ਤਿੰਨ ਹਫ਼ਤੇ ਬਾਕੀ ਹੋਣ ਕਾਰਨ ਉਨ੍ਹਾਂ ਕੋਲ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਸ੍ਰੀਲੰਕਾ ਵਿੱਚ ਟੀਮ ਨਾਲ ਜੁੜਨ ਲਈ ਲੋੜੀਂਦਾ ਸਮਾਂ ਮੌਜੂਦ ਹੈ।


