
ਵੈਨਕੂਵਰ, 10 ਸਤੰਬਰ: ਕੈਨੇਡਾ ਦੇ ਅਵਾਸ ਵਿਭਾਗ ਨੇ ਇੱਕ ਭਾਰਤੀ ਪੰਜਾਬੀ ਪਰਿਵਾਰ ਦੀ ਸ਼ਰਨ ਮੰਗਣ ਦੀ ਅਰਜ਼ੀ ਅਤੇ ਮਨੁੱਖਤਾਵਾਦੀ ਆਧਾਰ ‘ਤੇ ਰਹਿਣ ਦੀ ਬੇਨਤੀ ਰੱਦ ਕਰਦਿਆਂ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਜਲੰਧਰ ਦੇ ਗੁਰਾਇਆ ਇਲਾਕੇ ਦੇ ਰਹਿਣ ਵਾਲੇ ਹਰੀਸ਼ ਨੂੰ ਉਸ ਦੀ ਪਤਨੀ ਅਤੇ ਦੋ ਨਾਬਾਲਗ ਬੱਚਿਆਂ ਸਮੇਤ ਕਿਊਬਕ ਸੂਬੇ ਵਿੱਚ 8 ਸਾਲ ਬਿਤਾਉਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।ਹਰੀਸ਼ ਸਾਲ 2018 ਵਿੱਚ ਸੈਲਾਨੀ ਵੀਜ਼ੇ ‘ਤੇ ਕੈਨੇਡਾ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਸੀ। ਆਪਣੀ ਅਰਜ਼ੀ ਵਿੱਚ ਉਸ ਨੇ ਦੱਸਿਆ ਸੀ ਕਿ ਭਾਰਤ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਸਮੇਂ ਸਿਆਸੀ ਦਬਾਅ ਹੇਠ ਪੁਲੀਸ ਨੇ ਅਗਸਤ 2017 ਵਿੱਚ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕੀਤਾ ਸੀ, ਜਿਸ ਕਾਰਨ ਉਸ ਨੂੰ ਆਪਣੀ ਜਾਨ ਦਾ ਖਤਰਾ ਬਣ ਗਿਆ ਸੀ। ਕੈਨੇਡਾ ਵਿੱਚ ਰਹਿੰਦਿਆਂ ਪਰਿਵਾਰ ਨੇ ਪੂਰੀ ਇਮਾਨਦਾਰੀ ਨਾਲ ਟੈਕਸ ਭਰੇ। ਹਰੀਸ਼ ਨੇ ਕੋਵਿਡ-19 ਮਹਾਮਾਰੀ ਦੌਰਾਨ ਟਰੱਕ ਡਰਾਈਵਰ ਵਜੋਂ ਜ਼ਰੂਰੀ ਸੇਵਾਵਾਂ ਨਿਭਾਈਆਂ, ਜਦਕਿ ਉਸ ਦੀ ਪਤਨੀ ਵੀ ਨੌਕਰੀ ਕਰਨ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਕਰਦੀ ਰਹੀ।ਇਮੀਗ੍ਰੇਸ਼ਨ ਵਿਭਾਗ ਨੇ 4 ਸਤੰਬਰ ਨੂੰ ਪਰਿਵਾਰ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੀ ਸ਼ਰਨ ਦੀ ਬੇਨਤੀ ਅੰਤਿਮ ਰੂਪ ਵਿੱਚ ਰੱਦ ਕਰ ਦਿੱਤੀ ਗਈ ਹੈ ਅਤੇ 7 ਸਤੰਬਰ ਤੱਕ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ। ਇਸ ਫੈਸਲੇ ਨਾਲ ਉਨ੍ਹਾਂ ਦੇ 14 ਸਾਲਾ ਪੁੱਤਰ ਜਪੇਸ਼ ਅਤੇ 12 ਸਾਲਾ ਪੁੱਤਰ ਗੌਲਾਸ਼ ਦੇ ਭਵਿੱਖ ‘ਤੇ ਡੂੰਘਾ ਅਸਰ ਪਿਆ ਹੈ। ਜਪੇਸ਼ ਨੇ ਆਪਣੀ ਪੜ੍ਹਾਈ ਅਤੇ ਦੋਸਤ ਛੁੱਟਣ ਦਾ ਦੁੱਖ ਪ੍ਰਗਟਾਇਆ, ਜਦਕਿ ਗੌਲਾਸ਼ ਨੇ ਕਿਹਾ ਕਿ ਉਹ 4 ਸਾਲ ਦੀ ਉਮਰ ਵਿੱਚ ਕੈਨੇਡਾ ਆਇਆ ਸੀ ਅਤੇ ਉਸ ਨੂੰ ਭਾਰਤ ਬਾਰੇ ਕੋਈ ਯਾਦ ਨਹੀਂ ਹੈ।ਇੰਮੀਗਰੈਂਟ ਵਰਕਰ ਸੈਂਟਰ ਦੇ ਕਾਰਕੁੰਨ ਮੁਸਤਫਾ ਹੈਨਾਵੇ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਦਿੱਤੀਆਂ ਅਹਿਮ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਇੱਥੋਂ ਦੇ ਮਾਹੌਲ ਵਿੱਚ ਢਲ ਚੁੱਕੇ ਬੱਚਿਆਂ ਨੂੰ ਬੇਦਖਲ ਕਰਨਾ ਘੋਰ ਅਨਿਆਂ ਹੈ। ਦੂਜੇ ਪਾਸੇ, ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀ.ਬੀ.ਐੱਸ.ਏ.) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਪੋਰਟੇਸ਼ਨ ਹੁਕਮ ਜਾਰੀ ਹੋਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਤਹਿਤ ਵਾਪਸ ਭੇਜਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਦਾ। ਏਜੰਸੀ ਮੁਤਾਬਕ ਅਜਿਹੇ ਹਜ਼ਾਰਾਂ ਹੋਰ ਮਾਮਲੇ ਵੀ ਪੈਂਡਿੰਗ ਹਨ।





