ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ: ਤਿੰਨ ਸ਼ੱਕੀ ਹਿਰਾਸਤ ‘ਚ

ਚੰਡੀਗੜ੍ਹ,23 ਅਗਸਤ: ਸੈਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸੇ ਇੱਕ ਬੈਗ ਵਿੱਚੋਂ ਟਿਫਨ ਬੰਬ (IED) ਮਿਲਣ ਨਾਲ ਸੂਬੇ ਵਿੱਚ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ ਹਨ। ਪੁਲੀਸ ਮੁਤਾਬਕ ਇਹ ਬੰਬ ਅਜੇ ਜ਼ਿੰਦਾ ਸਥਿਤੀ ਵਿੱਚ ਨਹੀਂ ਸੀ। ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਦੇ ਖ਼ਦਸ਼ੇ ਦੀ ਖੁਫ਼ੀਆ ਸੂਹ ਮਿਲਣ ਤੋਂ ਬਾਅਦ ਪੁਲੀਸ ਨੇ ਮੁਸ਼ਤੈਦੀ ਦਿਖਾਉਂਦਿਆਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਵੀ ਕਾਬੂ ਕਰ ਲਿਆ ਹੈ, ਜਿਨ੍ਹਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀ, ਬੰਬ ਰੋਕੂ ਦਸਤਾ, ਡਾਗ ਸਕੁਐਡ ਅਤੇ ਸੀਆਰਪੀਐੱਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲੀਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਸੀਲ ਕਰ ਦਿੱਤਾ ਹੈ ਅਤੇ ਬੱਸ ਅੱਡੇ ਦੇ ਆਸ-ਪਾਸ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ੱਕੀਆਂ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਖੇਤਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਹਿਲਾਂ ਵੀ ਹਾਈ ਕੋਰਟ, ਪੰਜਾਬ-ਹਰਿਆਣਾ ਸਕੱਤਰੇਤ, ਸਕੂਲਾਂ ਅਤੇ ਭਾਜਪਾ ਦਫ਼ਤਰ ਵਰਗੀਆਂ ਮਹੱਤਵਪੂਰਨ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਬਰਾਮਦਗੀ ਤੋਂ ਬਾਅਦ ਪੁਲੀਸ ਨੇ ਪੂਰੇ ਚੰਡੀਗੜ੍ਹ ਵਿੱਚ ਨਾਕੇਬੰਦੀ ਕਰ ਕੇ ਚੌਕਸੀ ਵਧਾ ਦਿੱਤੀ ਹੈ।

Leave a Comment

Your email address will not be published. Required fields are marked *