ਦਿੱਲੀ ਦੇ ਸਤਿਆ ਨਿਕੇਤਨ ‘ਚ ਪੀਜੀ ਇਮਾਰਤ ਢਹੀ: ਕਈ ਵਿਦਿਆਰਥੀ ਮਲਬੇ ਹੇਠ ਫਸੇ, 3 ਦੀ ਹਾਲਤ ਗੰਭੀਰ

ਨਵੀਂ ਦਿੱਲੀ, 6 ਸਤੰਬਰ: ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਜਾਣ ਕਾਰਨ ਦਰਜਨਾਂ ਵਿਦਿਆਰਥੀਆਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ। ਹੁਣ ਤੱਕ ਘੱਟੋ-ਘੱਟ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਏਮਜ਼ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਅਨੁਸਾਰ “ਹੋਸਟਲ ਡੇਜ਼” ਨਾਮ ਦੀ ਇਸ ਇਮਾਰਤ ਵਿੱਚ ਵਿਦਿਆਰਥੀਆਂ ਲਈ ਪੇਇੰਗ ਗੈਸਟ (ਪੀਜੀ) ਦੀ ਸੁਵਿਧਾ ਸੀ। ਦੁਪਹਿਰ ਲਗਭਗ ਡੇਢ ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ, ਦਿੱਲੀ ਫਾਇਰ ਸਰਵਿਸ, ਕੈਟ ਐਂਬੂਲੈਂਸ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਸਥਾਨਕ ਵਿਧਾਇਕ ਅਨਿਲ ਸ਼ਰਮਾ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਮਲਬੇ ਹੇਠ ਫਸੇ ਸਾਰੇ ਲੋਕਾਂ ਨੂੰ ਬਚਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਆ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇਸ ਪੀਜੀ ਵਿੱਚ ਰਹਿ ਰਹੇ ਸਨ ਅਤੇ ਅੰਦਰ ਫਸੇ ਕੁੱਝ ਵਿਦਿਆਰਥੀ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਥਿਤੀ ‘ਤੇ ਨਜ਼ਰ ਰੱਖਣ ਦੀ ਗੱਲ ਕਹਿੰਦਿਆਂ ਦੱਸਿਆ ਕਿ ਸਾਵਧਾਨੀ ਵਜੋਂ ਨਾਲ ਲੱਗਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਦੱਖਣੀ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਇੱਕ ਇਮਾਰਤ ਡਿੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਲਈ ਜਾਂਚ ਕਮੇਟੀ ਨੇ ਦਿੱਲੀ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

Leave a Comment

Your email address will not be published. Required fields are marked *