
ਚੰਡੀਗੜ੍ਹ, 16 ਅਗਸਤ: ਬਰਤਾਨੀਆ ਦੀ ਰਾਇਲ ਏਅਰ ਫੋਰਸ ਵਿੱਚ ਇੱਕ ਨਵਾਂ ਇਤਿਹਾਸ ਸਿਰਜਦਿਆਂ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਫਾਈਟਰ ਪਾਇਲਟ ਵਜੋਂ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਹੈ। ਇਸ ਦੇ ਨਾਲ ਹੀ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰ.ਏ.ਐੱਫ. ਦੇ ਫਾਈਟਰ ਸਕਵਾਡਰਨ ਤੋਂ ਵਿੰਗਜ਼ ਹਾਸਲ ਕਰਨ ਵਾਲੇ ਪਹਿਲੇ ਸਿੱਖ ਪਾਇਲਟ ਬਣ ਗਏ ਹਨ। ਇਸ ਮਾਣਮੱਤੀ ਪ੍ਰਾਪਤੀ ਦਾ ਐਲਾਨ ਉੱਤਰੀ ਵੇਲਜ਼ ਸਥਿਤ ਆਰ.ਏ.ਐੱਫ. ਵੈਲੀ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਗਿਆ।
ਅਰਸ਼ਦੀਪ ਦਾ ਜਨਮ 1998 ਵਿੱਚ ਚੰਡੀਗੜ੍ਹ ਵਿਖੇ ਹੋਇਆ ਸੀ ਅਤੇ ਸਾਲ 2004 ਵਿੱਚ ਉਹ ਆਪਣੇ ਪਰਿਵਾਰ ਨਾਲ ਇੰਗਲੈਂਡ ਦੇ ਸਾਊਥਾਲ ਵਿਖੇ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਜਗਦੀਪ ਸਿੰਘ ਡਾਂਗ ਲੁਧਿਆਣਾ ਨਾਲ ਅਤੇ ਮਾਤਾ ਗਗਨਦੀਪ ਕੌਰ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ। ਅਰਸ਼ਦੀਪ ਦੀ ਇਹ ਸਫ਼ਲਤਾ ਉਨ੍ਹਾਂ ਦੇ ਪਰਿਵਾਰਕ ਸੁਪਨੇ ਦੀ ਪੂਰਤੀ ਹੈ। ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਆਪਣੇ ਬੇਟੇ ਨੂੰ ਪਾਇਲਟ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪਰਿਵਾਰਕ ਹਾਲਾਤ ਕਰਕੇ ਇਹ ਸੁਪਨਾ ਅਧੂਰਾ ਰਹਿ ਗਿਆ ਸੀ, ਜਿਸ ਨੂੰ ਹੁਣ ਅਰਸ਼ਦੀਪ ਨੇ ਸਾਕਾਰ ਕੀਤਾ ਹੈ।
ਸਿੱਖਿਆ ਦੇ ਖੇਤਰ ਵਿੱਚ ਅਰਸ਼ਦੀਪ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਫਿਲਾਸਫੀ ਵਿੱਚ ਬੀ.ਐੱਸ.ਸੀ. (ਆਨਰਜ਼) ਦੀ ਡਿਗਰੀ ਹਾਸਲ ਕੀਤੀ ਹੈ ।ਇਸ ਤੋਂ ਬਾਅਦ ਫਰਵਰੀ 2022 ਵਿੱਚ ਅਫ਼ਸਰ ਵਜੋਂ ਟ੍ਰੇਨਿੰਗ ਪੂਰੀ ਕਰਕੇ ਅਤੇ ਸਾਈਪ੍ਰਸ ਵਿੱਚ ਆਪਣੀਆਂ ਸੇਵਾਵਾਂ ਦੇਣ ਉਪਰੰਤ, 2024 ਵਿੱਚ ਉਨ੍ਹਾਂ ਦੀ ਚੋਣ ਫਾਸਟ ਜੈੱਟ ਸਟ੍ਰੀਮ ਲਈ ਹੋਈ। ਅਕਤੂਬਰ 2025 ਵਿੱਚ ਟੈਕਸਾਸ ਵਿਖੇ ਇਕੱਲੇ ਉਡਾਣ ਭਰਨ ਤੋਂ ਬਾਅਦ ਜੁਲਾਈ 2026 ਵਿੱਚ ਉਨ੍ਹਾਂ ਨੇ ਆਪਣਾ ਵਿੰਗਜ਼ ਟੈਸਟ ਸਫ਼ਲਤਾਪੂਰਵਕ ਪਾਸ ਕੀਤਾ। ਹੁਣ ਉਹ ਫਰੰਟ-ਲਾਈਨ ਫਾਈਟਰ ਜੈੱਟਾਂ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਇੱਕ ਸਾਲ ਦੀ ਹੋਰ ਐਡਵਾਂਸਡ ਟ੍ਰੇਨਿੰਗ ਪ੍ਰਾਪਤ ਕਰਨਗੇ।
ਆਪਣੇ ਬੈਚ ਦੇ ਇਕਲੌਤੇ ਭਾਰਤੀ ਮੂਲ ਦੇ ਪਾਇਲਟ ਅਰਸ਼ਦੀਪ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਲੈਫਟੀਨੈਂਟ ਹਰਦਿੱਤ ਸਿੰਘ ਮਲਿਕ ਅਤੇ ਸਕਵਾਡਰਨ ਲੀਡਰ ਮੋਹਿੰਦਰ ਸਿੰਘ ਪੂਜੀ ਵਰਗੇ ਸਿੱਖ ਯੋਧਿਆਂ ਨੇ ਬਰਤਾਨਵੀ ਫੌਜ ਵਿੱਚ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਦੁਨੀਆ ਭਰ ਦੇ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਤਿਹਾਸ ਰਚਣ ਲਈ ਪ੍ਰੇਰਿਤ ਕਰੇਗੀ।
ਅਰਸ਼ਦੀਪ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਮਾਤਾ ਸਿਰ ਬੰਨ੍ਹਦਿਆਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦਿਆਂ ਵੀ ਉਨ੍ਹਾਂ ਦੇ ਪਰਿਵਾਰ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਮੁੱਲਾਂ ਨੂੰ ਕਾਇਮ ਰੱਖਿਆ ਹੈ। ਘਰ ਵਿੱਚ ਸਿਰਫ਼ ਪੰਜਾਬੀ ਬੋਲਣ ਦੇ ਨੇਮ ਅਤੇ ਸਿੱਖੀ ਦੇ “ਚੜ੍ਹਦੀ ਕਲਾ” ਦੇ ਜਜ਼ਬੇ ਨੇ ਉਨ੍ਹਾਂ ਨੂੰ ਹਰ ਔਖੀ ਘੜੀ ਵਿੱਚ ਹੌਂਸਲਾ ਦਿੱਤਾ। ਇਸ ਇਤਿਹਾਸਕ ਮੀਲ ਪੱਥਰ ਨਾਲ ਪੰਜਾਬ ਅਤੇ ਬਰਤਾਨੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।





