
ਕਾਠਮਾਂਡੂ, 2 ਸਤੰਬਰ: ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਕੁਦਰਤ ਦੇ ਕਹਿਰ ਸਾਹਮਣੇ ਵੱਡੀਆਂ-ਵੱਡੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ, ਪਰ ਨੁਵਾਕੋਟ ਜ਼ਿਲ੍ਹੇ ਵਿੱਚ ਇੱਕ 40 ਸਾਲ ਪੁਰਾਣਾ ਹਰੇ ਰੰਗ ਦਾ ਘਰ (ਗ੍ਰੀਨ ਹਾਊਸ) ਤ੍ਰਿਸ਼ੂਲਾ ਨਦੀ ਦੇ ਤੇਜ਼ ਵੇਗ ਅਤੇ ਤਬਾਹੀ ਦੇ ਵਿਚਕਾਰ ਵੀ ਮਜ਼ਬੂਤੀ ਨਾਲ ਖੜ੍ਹਾ ਰਿਹਾ। ਹੜ੍ਹ ਦਾ ਪਾਣੀ ਵਾਹਨਾਂ ਅਤੇ ਆਲੇ-ਦੁਆਗ ਦੀਆਂ ਇਮਾਰਤਾਂ ਨੂੰ ਰੋੜ੍ਹ ਕੇ ਲੈ ਗਿਆ, ਜਦਕਿ ਇਸ ਘਰ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਘਰ ਦੇ ਮਾਲਕ ਪ੍ਰਕਾਸ਼ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਪਾਣੀ ਇਮਾਰਤ ਨੂੰ ਘੇਰ ਕੇ ਉਪਰੀਆਂ ਮੰਜ਼ਿਲਾਂ ਤੱਕ ਪਹੁੰਚ ਗਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਪਲ ਹੈ। ਘਟਨਾ ਵੇਲੇ ਪ੍ਰਕਾਸ਼ ਆਪਣੀ ਨੇੜਲੀ ਦੁਕਾਨ ‘ਤੇ ਸਨ ਜਿਨ੍ਹਾਂ ਨੇ ਤੁਰੰਤ ਘਰ ਵੱਲ ਭੱਜ ਕੇ ਪਰਿਵਾਰ ਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ। ਪਰ ਸਥਿਤੀ ਇੰਨੀ ਤੇਜ਼ੀ ਨਾਲ ਵਿਗੜੀ ਕਿ ਬਾਹਰ ਖੜ੍ਹਾ ਉਨ੍ਹਾਂ ਦਾ ਵਾਹਨ ਵੀ ਪਲਟ ਗਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਜਾਨ ਬਚਾਉਣ ਲਈ ਘਰ ਦੀਆਂ ਉਪਰੀਆਂ ਮੰਜ਼ਿਲਾਂ ਵੱਲ ਭੱਜਣਾ ਪਿਆ। ਹੜ੍ਹ ਦਾ ਪਾਣੀ ਚੌਥੀ ਮੰਜ਼ਿਲ ਤੱਕ ਪਹੁੰਚਣ ਕਾਰਨ ਉਨ੍ਹਾਂ ਨੂੰ ਇਮਾਰਤ ਦੇ ਸਭ ਤੋਂ ਉੱਪਰਲੇ ਹਿੱਸੇ ‘ਤੇ ਜਾਣਾ ਪਿਆ। ਇਸ ਅਫਰਾ-ਤਫਰੀ ਦੌਰਾਨ ਪ੍ਰਕਾਸ਼ ਆਪਣੇ ਸਕੂਲ ਗਏ ਪੁੱਤਰ ਬਾਰੇ ਵੀ ਬਹੁਤ ਚਿੰਤਤ ਸਨ ਕਿ ਜੇ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਉਸ ਦਾ ਕੀ ਬਣੇਗਾ।
ਇਸ 40 ਸਾਲ ਪੁਰਾਣੇ ਘਰ ਦੇ ਬਚਣ ਦਾ ਕਾਰਨ ਇਸ ਦੀ ਮਜ਼ਬੂਤ ਨੀਂਹ ਅਤੇ ਉਸ ਸਮੇਂ ਦੀ ਬਿਹਤਰ ਨਿਰਮਾਣ ਸਮੱਗਰੀ ਸੀ। ਨਦੀ ਦੇ ਨੇੜੇ ਹੋਣ ਕਾਰਨ ਪਰਿਵਾਰ ਨੇ ਇਸ ਦੀ ਨੀਂਹ ਬਣਾਉਣ ਵਿੱਚ ਕਾਫੀ ਖਰਚ ਕੀਤਾ ਸੀ ਅਤੇ ਸੁਰੱਖਿਆ ਲਈ ਹੇਠਾਂ ਸੜਕ ਦੀ ਸਮੱਗਰੀ ਦੀਆਂ ਕਈ ਪਰਤਾਂ ਵੀ ਲਗਾਈਆਂ ਸਨ। ਹਾਲਾਂਕਿ, ਘਰ ਦੇ ਹੇਠਲੇ ਹਿੱਸੇ ਅਤੇ ਦੁਕਾਨ ਦਾ ਸਾਰਾ ਸਾਮਾਨ ਤਬਾਹ ਹੋ ਗਿਆ ਅਤੇ ਦੋ ਵਾਹਨ ਸਮੇਤ ਸਕੂਟਰ ਤੇ ਬਾਈਕ ਰੁੜ੍ਹ ਗਏ। ਘਰ ਦੀ ਮਾਲਕਣ ਲਕਸ਼ਮੀ ਪਾਂਡੇ ਨੇ ਵੀ ਇਸ ਨੂੰ ਆਪਣਾ ਦੂਜਾ ਜਨਮ ਦੱਸਿਆ ਹੈ।
ਲਗਭਗ ਡੇਢ ਘੰਟੇ ਤੱਕ ਮੌਤ ਦੇ ਮੂੰਹ ਵਿੱਚ ਫਸੇ ਰਹਿਣ ਤੋਂ ਬਾਅਦ ਨੇੜਲੇ ਟੋਲ ਖੇਤਰ ਦੇ ਕੁਝ ਲੋਕਾਂ ਨੇ ਇਮਾਰਤਾਂ ਦੇ ਵਿਚਕਾਰ ਪਾਈਪ ਅਤੇ ਰੱਸੀ ਰੱਖ ਕੇ ਇਸ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਭਾਵੇਂ ਹੜ੍ਹ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਅਤੇ ਸਾਮਾਨ ਚਿੱਕੜ ਵਿੱਚ ਦੱਬ ਕੇ ਨਸ਼ਟ ਕਰ ਦਿੱਤਾ ਹੈ, ਪਰ ਪਰਿਵਾਰ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਹੁਣ ਕਾਠਮੰਡੂ ਵਿੱਚ ਰਹਿ ਰਹੇ ਹਨ। 26 ਅਗਸਤ ਦੀ ਇਸ ਤਬਾਹੀ ਦਾ ਪ੍ਰਤੀਕ ਬਣਿਆ ਇਹ ਹਰਾ ਘਰ ਹੜ੍ਹ ਦੀ ਵਿਨਾਸ਼ਕਾਰੀ ਤਾਕਤ ਅਤੇ ਉਸ ਵਿੱਚੋਂ ਜਿੰਦਾ ਬਚਣ ਵਾਲੇ ਪਰਿਵਾਰ ਦੇ ਹੌਸਲੇ ਦੀ ਅਨੋਖੀ ਮਿਸਾਲ ਹੈ।





