ਫੁੱਟਬਾਲ ਦਾ ਸ਼ਹਿਨਸ਼ਾਹ: ਸੁਨੀਲ


ਇਸ ਦੇਸ਼ ਵਿੱਚ ਜਿੱਥੇ ਕ੍ਰਿਕਟ ਨੂੰ ਸਭ ਤੋਂ ਵੱਧ ਪਿਆਰ ਕੀਤਾ ਜਾਂਦਾ ਹੈ, ਉੱਥੇ ਇੱਕ ਅਜਿਹਾ ਵੀ ਖਿਡਾਰੀ ਹੈ, ਜਿਸ ਨੇ ਫੁੱਟਬਾਲ ਦੀ ਦੁਨੀਆਂ ਵਿੱਚ ਆਪਣਾ ਨਾਮ ਸਭ ਤੋਂ ਉੱਚਾ ਕੀਤਾ। ਹਾਂ, ਜਦੋਂ ਅਸੀਂ ਫੁੱਟਬਾਲ ਦਾ ਨਾਮ ਸੁਣਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਲ ਮੈਸੀ ਦੀ ਤਸਵੀਰ ਆਉਂਦੀ ਹੈ। ਪਰੰਤੂ ਭਾਰਤ ਦੇ ਇਸ ਖਿਡਾਰੀ ਨੇ ਫੁੱਟਬਾਲ ਦੇ ਇਤਿਹਾਸ ਵਿੱਚ 94 ਗੋਲ ਕਰ ਕੇ ਅੰਤਰ-ਰਾਸ਼ਟਰੀ ਪੱਧਰ ਉੱਤੇ ਉੱਚ ਗੋਲ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਅਤੇ ਭਾਰਤ ਦਾ ਸਭ ਤੋਂ ਪ੍ਰਸਿੱਧ ਫੁੱਟਬਾਲਰ ਬਣਿਆ। ਸੁਨੀਲ ਛੇਤਰੀ ਜਿਸ ਨੇ ਫੁੱਟਬਾਲ ਦੀ ਦੁਨੀਆਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ। ਪਰੰਤੂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੋ ਵਿਅਕਤੀ ਭਾਰਤ ਦਾ ਸਭ ਤੋਂ ਪ੍ਰਸਿੱਧ ਫੁੱਟਬਾਲ ਖਿਡਾਰੀ ਹੈ, ਉਸ ਦਾ ਅਸਲ ਸੁਪਨਾ ਕਦੇ ਵੀ ਇੱਕ ਫੁੱਟਬਾਲ ਖਿਡਾਰੀ ਬਣਨਾ ਨਹੀਂ ਸੀ। ਸੁਨੀਲ ਛੇਤਰੀ ਦੀ ਰੁਚੀ ਕ੍ਰਿਕਟ ਵਿੱਚ ਸੀ। ਉਹ ਇੱਕ ਕ੍ਰਿਕਟਰ ਬਣਨਾ ਚਾਹੁੰਦਾ ਸੀ। ਪਰ ਉਨ੍ਹਾਂ ਦੇ ਨਸੀਬ ਵਿੱਚ ਭਾਰਤੀ ਫੁੱਟਬਾਲ ਦਾ ਇੱਕ ਚਮਕਦਾ ਸਿਤਾਰਾ ਬਣਨਾ ਲਿਖਿਆ ਸੀ।
ਜੇਕਰ ਅਸੀਂ ਉਨ੍ਹਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 3 ਮਈ, 1984 ਨੂੰ ਸਿਕੰਦਰਾਬਾਦ ਦੇ ਆਂਧਰਾ ਪ੍ਰਦੇਸ਼ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਕੇ. ਬੀ. ਛੇਤਰੀ ਜੋ ਕਿ ਭਾਰਤੀ ਫੌਜ ਵਿੱਚ ਅਧਿਕਾਰੀ ਸਨ ਅਤੇ ਆਰਮੀ ਦੀ ਫੁੱਟਬਾਲ ਟੀਮ ਲਈ ਵੀ ਖੇਡਦੇ ਸਨ। ਉਨ੍ਹਾਂ ਦੇ ਮਾਤਾ ਦਾ ਨਾਮ ਸੁਸ਼ੀਲਾ ਛੇਤਰੀ ਜੋ ਕਿ ਨੇਪਾਲ ਦੀ ਮਹਿਲਾ-ਰਾਸ਼ਟਰੀ ਫੁੱਟਬਾਲ ਟੀਮ ਲਈ ਖੇਡ ਚੁੱਕੀ ਹੈ। ਘਰ ਵਿੱਚ ਫੁੱਟਬਾਲ ਪ੍ਰਤੀ ਇੰਨੀ ਰੁਚੀ ਅਤੇ ਮਾਹੌਲ ਹੋਣ ਕਾਰਨ ਲਾਜ਼ਮੀ ਸੀ ਕਿ ਸੁਨੀਲ ਛੇਤਰੀ ਦਾ ਧਿਆਨ ਵੀ ਫੁੱਟਬਾਲ ਵੱਲ ਜਾਂਦਾ।
ਸੁਨੀਲ ਛੇਤਰੀ ਨੇ ਆਪਣੇ ਫੁੱਟਬਾਲ ਦੇ ਸਫ਼ਰ ਦੀ ਸ਼ੁਰੂਆਤ ਦਿੱਲੀ ਦੇ ਸਿਟੀ ਕਲੱਬ ਤੋਂ ਕੀਤੀ। ਇਸ ਕਲੱਬ ਵਿੱਚ ਉਨ੍ਹਾਂ ਦਾ ਪਹਿਲਾ ਮੈਚ ਉਨ੍ਹਾਂ ਲਈ ਬਹੁਤ ਹੀ ਯਾਦਗਾਰ ਰਿਹਾ। ਕਿਉਂਕਿ ਸੁਨੀਲ ਛੇਤਰੀ ਨੇ ਇਸ ਮੈਚ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 1000 ਰੁਪਏ ਇਨਾਮ ਵੀ ਪ੍ਰਾਪਤ ਕੀਤਾ। ਇਸ ਰਕਮ ਨੂੰ ਪ੍ਰਾਪਤ ਕਰਨ ਵੇਲੇ ਸੁਨੀਲ ਛੇਤਰੀ ਬਹੁਤ ਖੁਸ਼ ਸੀ। ਇਸ ਤੋਂ ਬਾਅਦ ਉਹ ਸਿਟੀ ਕਲੱਬ ਨਾਲ ਜੁੜ ਗਏ। ਪਰ ਇਹ ਤਾਂ ਉਨ੍ਹਾਂ ਦੇ ਫੁੱਟਬਾਲ ਜੀਵਨ ਦੀ ਸ਼ੁਰੂਆਤ ਸੀ।
ਸਿਟੀ ਕਲੱਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਨੇ Durand cup (2002) ‘ਚ ਹਿੱਸਾ ਲਿਆ। ਇਸ ਮੈਚ ਵਿੱਚ ਸੁਨੀਲ ਛੇਤਰੀ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦਾ ਫੁੱਟਬਾਲ ਪ੍ਰਤੀ ਜਜ਼ਬਾ ਦੇਖ ਕੇ ਕੋਲਕਾਤਾ ਕਲੱਬ ਦੀ ਨਜ਼ਰ ਉਨ੍ਹਾਂ ‘ਤੇ ਪਈ। ਇਸ ਮੈਚ ਤੋਂ ਬਾਅਦ ਉਨ੍ਹਾਂ ਨੇ ਸੁਨੀਲ ਛੇਤਰੀ ਨੂੰ ਕੋਲਕਾਤਾ ਵਿਖੇ ਬੁਲਾਇਆ। ਫਿਰ ਸੁਨੀਲ ਛੇਤਰੀ ਨੇ 2002 ਵਿੱਚ Mohun Bagan Athletic Club ਤੋਂ ਆਪਣਾ ਅਸਲ ਸਫ਼ਰ ਸ਼ੁਰੂ ਕੀਤਾ। ਉਹ JCT ਕਲੱਬ ਵਿੱਚ ਗਏ ਜਿੱਥੇ ਉਨ੍ਹਾਂ ਨੇ 48 ਮੈਚ ਵਿੱਚ 21 ਗੋਲ ਮਾਰੇ। ਉਹ East Bengal, Dempo ਲਈ ਵੀ ਖੇਡੇ।
ਇਸ ਤੋਂ ਬਾਅਦ ਸੁਨੀਲ ਛੇਤਰੀ ਦੀ ਜ਼ਿੰਦਗੀ ਨੇ ਇੱਕ ਵੱਖਰਾ ਮੋੜ ਲਿਆ ਤੇ ਉਨ੍ਹਾਂ ਦੇ ਜੀਵਨ ਦੀ ਨਵੀਂ ਸ਼ੁਰੂਆਤ ਹੋਈ। ਇੱਥੇ ਸੁਨੀਲ ਛੇਤਰੀ ਨੇ ਸਫਲਤਾ ਦੀ ਪੌੜੀ ਚੜ੍ਹਨੀ ਸ਼ੁਰੂ ਕੀਤੀ। ਤੇ ਹਰ ਮੈਚ ਵਿੱਚ ਕਾਮਯਾਬੀ ਹਾਸਲ ਕੀਤੀ। ਸੁਨੀਲ ਛੇਤਰੀ ਦੀ ਸਫਲਤਾ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਉਹ ਤੀਸਰੇ ਭਾਰਤੀ ਖਿਡਾਰੀ ਬਣੇ ਜੋ ਵਿਦੇਸ਼ ਵਿੱਚ ਖੇਡਣ ਗਏ। ਉਹ 2010 ਵਿੱਚ ਅਮਰੀਕਾ ਦੀ Major League Soccer (MLS) ਦੀ ਟੀਮ Kansas City Wizards ਨਾਲ ਖੇਡੇ। ਉਹ MLS ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਫੁੱਟਬਾਲਰ ਬਣੇ।
ਪਰ ਉਨ੍ਹਾਂ ਦੀ ਸਭ ਤੋਂ ਵੱਡੀ ਕਾਮਯਾਬੀ Bengaluru FC ਨਾਲ ਆਈ। ਉਹ Bengaluru FC ਵਿੱਚ ਕਪਤਾਨ ਬਣੇ ਤੇ ਟੀਮ ਨੂੰ I-League ਤੇ ISL ਦਾ ਜੇਤੂ ਬਣਾਇਆ। ਸੁਨੀਲ ਛੇਤਰੀ ISL ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ। ਸੁਨੀਲ ਛੇਤਰੀ ਦੇ ਚੰਗੇ ਪ੍ਰਦਰਸ਼ਨ ਤੇ ਉਨ੍ਹਾਂ ਦੀ ਫੁੱਟਬਾਲ ਪ੍ਰਤੀ ਲਗਨ ਨੇ ਉਨ੍ਹਾਂ ਨੂੰ Santosh Trophy ਦਾ ਮੰਚ ਦਵਾਇਆ। ਇਸ ਤੋਂ ਬਾਅਦ ਸੁਨੀਲ ਛੇਤਰੀ ਨੂੰ AIFF Player of the year ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਿਲਣ ਤੋਂ ਬਾਅਦ ਸੁਨੀਲ ਛੇਤਰੀ ਨੂੰ ਸਾਰੇ “Posterboy” ਦੇ ਨਾਮ ਨਾਲ ਜਾਣਨ ਲੱਗ ਗਏ ਸਨ।
ਸੁਨੀਲ ਛੇਤਰੀ ਦਾ ਫੁੱਟਬਾਲ ਪ੍ਰਤੀ ਐਨਾ ਲਗਾਅ ਤੇ ਦੇਸ਼ ਦਾ ਨਾਮ ਅੰਤਰ-ਰਾਸ਼ਟਰੀ ਪੱਧਰ ਉੱਤੇ ਲੈ ਜਾਣ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 2011 ਵਿੱਚ ਅਰਜੁਨ ਅਵਾਰਡ ਦਿੱਤਾ ਗਿਆ ਤੇ 2019 ਵਿੱਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਨਮਾਨ ਪਦਮ ਸ਼੍ਰੀ ਨਾਲ ਨਵਾਜਿਆ ਗਿਆ। ਫੁੱਟਬਾਲ ਵਿੱਚ ਸੁਨੀਲ ਛੇਤਰੀ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ 2021 ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਖੇਡ ਸਨਮਾਨ ਹੈ, ਉਹ ਦਿੱਤਾ ਗਿਆ।
ਸੁਨੀਲ ਛੇਤਰੀ ਨੇ ਆਪਣੀ ਸ਼ਾਨਦਾਰ ਖੇਡ ਤੇ ਸਮਰਪਣ ਸਦਕਾ 6 ਵਾਰ AIFF men’s footballer of the year award ਜਿੱਤਿਆ ਤੇ ਰਿਕਾਰਡ ਕਾਇਮ ਕੀਤਾ। ਸੁਨੀਲ ਛੇਤਰੀ ਨੇ ਭਾਰਤ ਨੂੰ 2007, 2009, 2012 ਵਿੱਚ ਨਹਿਰੂ ਕੱਪ ਦਾ ਜੇਤੂ ਬਣਾਇਆ ਤੇ 2011, 2015, 2021, 2023 SAFF Championship 2023 ਦਾ ਖਿਤਾਬ ਜਿੱਤਿਆ। ਇਸ ਮੈਚ ਵਿੱਚ ਛੇਤਰੀ ਨੇ 5 goal ਕੀਤੇ ਤੇ Highest Goalscorer ਬਣੇ ਤੇ ਉਨ੍ਹਾਂ ਨੂੰ Most Valuable Player ਵੀ ਚੁਣਿਆ ਗਿਆ।
ਐਨੀਆਂ ਪ੍ਰਾਪਤੀਆਂ ਤੋਂ ਬਾਅਦ ਸੁਨੀਲ ਛੇਤਰੀ ਨੇ ਆਪਣੇ ਫੁੱਟਬਾਲ ਜੀਵਨ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇਹ ਫ਼ੈਸਲਾ 16 ਮਈ 2024 ਨੂੰ ਲਿਆ। ਇਸ ਫੈਸਲੇ ਤੋਂ ਬਾਅਦ ਸੁਨੀਲ ਛੇਤਰੀ ਨੇ ਆਪਣੇ ਜੀਵਨ ਦਾ ਆਖਰੀ ਅੰਤਰ-ਰਾਸ਼ਟਰੀ ਮੈਚ ਜੋ ਭਾਰਤ ਤੇ ਕੁਵੈਤ ਦੇ ਵਿਚਕਾਰ ਸੀ, ਜੋ 6 ਜੂਨ 2024 ਨੂੰ ਕੋਲਕਾਤਾ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਵੀ ਸੁਨੀਲ ਛੇਤਰੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਇਹ ਮੈਚ 0-0 ਨਾਲ ਡਰਾਅ ਹੋਇਆ।
ਸੁਨੀਲ ਛੇਤਰੀ ਦੀ ਇਹ ਕਹਾਣੀ ਕਿਸੇ ਆਮ ਖਿਡਾਰੀ ਵਾਂਗ ਨਹੀਂ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ। ਤੇ ਆਪਣੇ ਜੀਵਨ ਦਾ ਸਭ ਭਾਰਤ ਦਾ ਸਭ ਤੋਂ ਵੱਧ ਪ੍ਰਸਿੱਧ ਫੁੱਟਬਾਲਰ ਹੋਣ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੇ ਜੀਵਨ ਦੀ ਕਹਾਣੀ ਬਹੁਤ ਹੀ ਪ੍ਰੇਰਨਾ-ਦਾਇਕ ਹੈ। ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੇ ਜੀਵਨ ਦਾ ਸਭ ਤੋਂ ਬਹੁਤ ਸਮਾਂ ਫੁੱਟਬਾਲ ਨੂੰ ਦਿੱਤਾ। ਸੁਨੀਲ ਛੇਤਰੀ ਦੀ ਫੁੱਟਬਾਲ ਪ੍ਰਤੀ ਲਗਨ ਤੇ ਉਨ੍ਹਾਂ ਦੀ ਮਿਹਨਤ ਅਤੇ ਅਤੁੱਟ-ਵਿਸ਼ਵਾਸ ਸਦਕਾ ਉਨ੍ਹਾਂ ਨੂੰ ਭਾਰਤੀ ਫੁੱਟਬਾਲ ਇਤਿਹਾਸ ਦਾ ਉੱਭਰਦਾ ਹੋਇਆ ਸਿਤਾਰਾ ਬਣਾਇਆ। ਅੱਜ ਦੇ ਸਮੇਂ ਵਿੱਚ ਸੁਨੀਲ ਛੇਤਰੀ ਨੂੰ ਭਾਰਤ ਦਾ ਸਭ ਤੋਂ ਮਹਾਨ ਫੁੱਟਬਾਲਰ ਮੰਨਿਆ ਜਾਂਦਾ ਹੈ।

ਕਰਮਜੀਤ ਕੌਰ
BA 2nd

Leave a Comment

Your email address will not be published. Required fields are marked *