ਗਲਾਸਗੋ (ਸਕਾਟਲੈਂਡ): ਓਲੰਪਿਕ ਤਗਮਾ ਜੇਤੂ ਭਾਰਤੀ ਵੇਟਲਿਫਟਿੰਗ ਸਟਾਰ ਮੀਰਾਬਾਈ ਚਾਨੂ ਨੇ ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ (CWG 2026) ਵਿੱਚ ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦਾ ਖਿਤਾਬ ਆਪਣੇ ਨਾਮ ਕਰਦਿਆਂ ਸੋਨੇ ਦੇ ਤਗਮਿਆਂ ਦੀ ਸ਼ਾਨਦਾਰ ਹੈਟ੍ਰਿਕ ਮੁਕੰਮਲ ਕਰ ਲਈ ਹੈ। ਗੋਲਡ ਕੋਸਟ 2018 ਅਤੇ ਬਰਮਿੰਘਮ 2022 ਵਿੱਚ ਇਤਿਹਾਸ ਰਚਣ ਤੋਂ ਬਾਅਦ, ਚਾਨੂ ਦੀ ਇਸ ਨਵੀਂ ਜਿੱਤ ਨੇ 2026 ਦੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਵੀ ਪੱਕਾ ਕਰ ਦਿੱਤਾ ਹੈ। ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਦਾ ਚੈਂਪੀਅਨ ਬਣਨ ਤੋਂ ਬਾਅਦ ਮੀਰਾਬਾਈ ਬਹੁਤ ਭਾਵੁਕ ਦਿਖਾਈ ਦਿੱਤੀ ਅਤੇ ਉਸਨੇ ਸਾਲਾਂ ਦੀ ਸਖ਼ਤ ਮਿਹਨਤ, ਕੁਰਬਾਨੀਆਂ ਅਤੇ ਸੱਟਾਂ ਦੇ ਦਰਦ ਨੂੰ ਯਾਦ ਕੀਤਾ।

ਆਪਣੇ ਇਸ ਸਫਰ ਬਾਰੇ ਗੱਲ ਕਰਦਿਆਂ ਚਾਨੂ ਨੇ ਆਖਿਆ ਕਿ ਸਿਖਰ ‘ਤੇ ਪਹੁੰਚਣਾ ਕਦੇ ਵੀ ਸੌਖਾ ਨਹੀਂ ਹੁੰਦਾ। ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਅਤੇ ਦੇਸ਼ ਲਈ ਤਗਮਾ ਜਿੱਤਣ ਵਾਸਤੇ ਉਸਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਲੰਮਾ ਸਮਾਂ ਮਾਨਸਿਕ ਤਣਾਅ ਤੇ ਸੱਟਾਂ ਦਾ ਸਾਹਮਣਾ ਕੀਤਾ ਹੈ। ਉਸਨੇ ਸਪੱਸ਼ਟ ਕੀਤਾ ਕਿ ਉਸਦਾ ਪੂਰਾ ਧਿਆਨ ਸਿਰਫ਼ ਆਪਣੇ ਕੋਚ ਦੀ ਅਗਵਾਈ ਹੇਠ ਤੈਅ ਕੀਤੀਆਂ ਲਿਫਟਾਂ ਨੂੰ ਪੂਰਾ ਕਰਨ ਉੱਤੇ ਹੀ ਕੇਂਦਰਿਤ ਸੀ ਅਤੇ ਉਸਨੂੰ ਪਹਿਲਾਂ ਤੋਂ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੋਈ ਨਵਾਂ ਰਾਸ਼ਟਰਮੰਡਲ ਰਿਕਾਰਡ ਵੀ ਬਣਾ ਦੇਵੇਗੀ।
ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਇਸ ਖਿਡਾਰਣ ਨੇ ਮੁਕਾਬਲੇ ਦੇ ਆਗਾਜ਼ ਤੋਂ ਹੀ ਆਪਣਾ ਦਬਦਬਾ ਬਣਾ ਕੇ ਰੱਖਿਆ। ਸਨੈਚ ਰਾਉਂਡ ਵਿੱਚ 85 ਕਿਲੋਗ੍ਰਾਮ ਭਾਰ ਚੁੱਕ ਕੇ ਉਸਨੇ ਨਵਾਂ ਰਾਸ਼ਟਰਮੰਡਲ ਰਿਕਾਰਡ ਕਾਇਮ ਕੀਤਾ ਅਤੇ ਮੁਕਾਬਲੇ ਵਿੱਚ ਆਪਣੀ ਪਕੜ ਬਹੁਤ ਮਜ਼ਬੂਤ ਕਰ ਲਈ। ਇਸ ਤੋਂ ਬਾਅਦ ਕਲੀਨ ਐਂਡ ਜਰਕ ਦੀ ਸ਼ੁਰੂਆਤ ਵਿੱਚ ਉਸਨੂੰ ਕੁਝ ਮੁਸ਼ਕਿਲ ਆਈ ਜਦੋਂ ਉਹ ਆਪਣੀ ਪਹਿਲੀ ਕੋਸ਼ਿਸ਼ ਵਿੱਚ 82 ਕਿਲੋਗ੍ਰਾਮ ਭਾਰ ਚੁੱਕਦਿਆਂ ਲੜਖੜਾ ਗਈ। ਪਰ ਚਾਨੂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਦੁਜੀ ਕੋਸ਼ਿਸ਼ ਵਿੱਚ ਕਾਮਯਾਬੀ ਹਾਸਲ ਕਰਦਿਆਂ, ਤੀਜੀ ਕੋਸ਼ਿਸ਼ ਵਿੱਚ 85 ਕਿਲੋਗ੍ਰਾਮ ਭਾਰ ਚੁੱਕ ਕੇ ਇੱਕ ਹੋਰ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ।
ਆਖਿਰਕਾਰ, ਉਸਨੇ 105 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ ਸਿਖਰ ‘ਤੇ ਪਹੁੰਚਾਇਆ ਅਤੇ ਸੋਨ ਤਗਮਾ ਪੱਕਾ ਕਰ ਲਿਆ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਹ ਉਨ੍ਹਾਂ ਚੁਣੇ ਹੋਏ ਭਾਰਤੀ ਐਥਲੀਟਾਂ ਦੇ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਲਗਾਤਾਰ ਤਿੰਨ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਮੀਰਾਬਾਈ ਦਾ ਇਹ ਸ਼ਾਨਦਾਰ ਕਰੀਅਰ ਪਹਿਲਾਂ ਹੀ ਓਲੰਪਿਕ ਤਗਮੇ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬ ਵਰਗੀਆਂ ਵੱਡੀਆਂ ਉਪਲਬਧੀਆਂ ਨਾਲ ਭਰਿਆ ਹੋਇਆ ਹੈ।
ਚਾਨੂ ਦੀ ਇਸ ਇਤਿਹਾਸਕ ਜਿੱਤ ਨਾਲ ਗਲਾਸਗੋ ਵਿਖੇ ਵੇਟਲਿਫਟਿੰਗ ਵਿੱਚ ਭਾਰਤ ਦੀ ਮੁਹਿੰਮ ਬਹੁਤ ਸ਼ਾਨਦਾਰ ਰਹੀ ਹੈ। ਉਸਤੋਂ ਪਹਿਲਾਂ ਦਿਨ ਵਿੱਚ ਚਨੰਬਮ ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਅਤੇ ਰਾਜਾ ਮੁਥੁਪਾਂਡੀ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਦੇਸ਼ ਲਈ ਚਾਂਦੀ ਦੇ ਤਗਮੇ ਜਿੱਤੇ। ਮੀਰਾਬਾਈ ਦੀ ਇਸ ਕਾਮਯਾਬੀ ਸਦਕਾ ਹੀ ਖੇਡਾਂ ਦੇ ਮੈਦਾਨ ਵਿੱਚ ਪਹਿਲੀ ਵਾਰ ਭਾਰਤ ਦਾ ਰਾਸ਼ਟਰੀ ਗੀਤ ਗੂੰਜਿਆ, ਜਿਸ ਨਾਲ ਆਉਣ ਵਾਲੇ ਮੁਕਾਬਲਿਆਂ ਲਈ ਪੂਰੇ ਭਾਰਤੀ ਦਲ ਦਾ ਹੌਸਲਾ ਕਾਫੀ ਬੁਲੰਦ ਹੋ ਗਿਆ ਹੈ।


