
ਨਵੀਂ ਦਿੱਲੀ, 24 ਅਗਸਤ: ਕੌਕਰੇਚ ਜਨਤਾ ਪਾਰਟੀ (CJP) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 5 ਸਤੰਬਰ ਨੂੰ ਦਿੱਲੀ ਵਿੱਚ ਮੁੜ ਤੋਂ ਰੋਸ ਪ੍ਰਦਰਸ਼ਨ ਕਰਨਗੇ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ 25 ਜੁਲਾਈ ਨੂੰ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ, ਜਿਨ੍ਹਾਂ ਭਰੋਸਿਆਂ ਦੇ ਆਧਾਰ ‘ਤੇ ਜੰਤਰ-ਮੰਤਰ ਦਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ ਸੀ।
ਇਹ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਨਵੀਂ ਦਿੱਲੀ ਪੁਲੀਸ ਹੈੱਡਕੁਆਰਟਰ ਤੱਕ ਜਾਵੇਗਾ, ਜਿਸ ਵਿੱਚ NEET ਪੇਪਰ ਲੀਕ ਹੋਣ ਤੋਂ ਬਾਅਦ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ। CJP ਨੇ 20 ਜੂਨ ਤੋਂ ਨੀਟ ਪੇਪਰ ਲੀਕ ਅਤੇ ਪ੍ਰੀਖਿਆ ਵਿੱਚ ਹੋਈਆਂ ਗੜਬੜੀਆਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ, ਜੋ ਕਿ 25 ਜੁਲਾਈ ਨੂੰ ਸਰਕਾਰੀ ਭਰੋਸੇ ਤੋਂ ਬਾਅਦ ਖ਼ਤਮ ਕੀਤਾ ਗਿਆ ਸੀ।
ਪਾਰਟੀ ਆਗੂਆਂ ਸੌਰਵ ਦਾਸ, ਰਤਨਾ ਸਿੰਘ ਅਤੇ ਫਾਊਂਡਰ ਅਭਿਜੀਤ ਦੀਪਕੇ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ‘ਤੇ ਦਰਜ ਸਾਰੀਆਂ ਐੱਫ.ਆਈ.ਆਰ. (FIR) ਤੁਰੰਤ ਵਾਪਸ ਲਈਆਂ ਜਾਣ। ਪਾਰਟੀ ਨੇ ਦੇਸ਼ ਭਰ ਦੇ ਨੌਜਵਾਨਾਂ ਅਤੇ ਵਿਦਿਆਰਥੀ ਸੰਗਠਨਾਂ ਨੂੰ 5 ਸਤੰਬਰ ਨੂੰ ਇੰਡੀਆ ਗੇਟ ਵਿਖੇ ਵੱਡੀ ਗਿਣਤੀ ਵਿੱਚ ਸ਼ਾਂਤਮਈ ਢੰਗ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।





