ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ 19 ਵਿਸ਼ੇਸ਼ ਕੋਚ

ਕਪੂਰਥਲਾ, 12 ਅਗਸਤ: ਕਪੂਰਥਲਾ ਦੀ ਰੇਲ ਕੋਚ ਫੈਕਟਰੀ (RCF) ਨੇ ਬੰਗਲਾਦੇਸ਼ ਰੇਲਵੇ ਲਈ 19 ਐੱਲ.ਐੱਚ.ਬੀ. (LHB) ਬ੍ਰੌਡ-ਗੇਜ ਯਾਤਰੀ ਕੋਚਾਂ ਦੀ ਆਪਣੀ ਪਹਿਲੀ ਰੇਕ ਤਿਆਰ ਕਰ ਲਈ ਹੈ, ਜਿਸ ਨੂੰ ਅੱਜ ਰਵਾਨਾ ਕੀਤਾ ਜਾਵੇਗਾ। ਇਸ ਵੱਡੀ ਪ੍ਰਾਪਤੀ ‘ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।

ਇਸ ਰੇਲ ਗੱਡੀ ਵਿੱਚ 3 ਏ.ਸੀ. ਸਲੀਪਰ, 3 ਏ.ਸੀ. ਚੇਅਰ ਕਾਰਾਂ, 11 ਗ਼ੈਰ-ਏ.ਸੀ. ਚੇਅਰ ਕਾਰਾਂ ਅਤੇ 2 ਪਾਵਰ ਕਾਰਾਂ ਸ਼ਾਮਲ ਹਨ। ਬੰਗਲਾਦੇਸ਼ ਦੀਆਂ ਖ਼ਾਸ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਕੋਚਾਂ ਦੇ ਡਿਜ਼ਾਈਨ ਵਿੱਚ ਕਈ ਨਵੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਯਾਤਰੀਆਂ ਦੇ ਆਰਾਮ ਲਈ ਏ.ਸੀ. ਅਤੇ ਗ਼ੈਰ-ਏ.ਸੀ. ਚੇਅਰ ਕੋਚਾਂ ਵਿੱਚ ਸਟੇਨਲੈੱਸ ਸਟੀਲ ਦੇ ਆਰਮਰੈਸਟ ਅਤੇ ਫੁੱਟਰੈਸਟ ਵਾਲੀਆਂ ਵਿਸ਼ੇਸ਼ ਰੀਕਲਾਈਨਿੰਗ ਕੁਰਸੀਆਂ ਲਗਾਈਆਂ ਗਈਆਂ ਹਨ।

ਸੁਰੱਖਿਆ ਅਤੇ ਸਹੂਲਤਾਂ ਦੇ ਲਿਹਾਜ਼ ਨਾਲ ਏ.ਸੀ. ਕੋਚਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਯਾਤਰੀ ਅਲਾਰਮ ਸਿਸਟਮ, ਬੇਬੀ ਕੇਅਰ ਰੂਮ ਅਤੇ ਪ੍ਰਾਰਥਨਾ ਕਮਰਾ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਭੀੜ-ਭੜੱਕੇ ਦੌਰਾਨ ਛੱਤ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਭਾਰ ਨੂੰ ਸਹਿਣ ਲਈ ਕੋਚਾਂ ਦੀ ਛੱਤ ਦੇ ਢਾਂਚੇ ਨੂੰ ਵਿਸ਼ੇਸ਼ ਤੌਰ ‘ਤੇ ਮਜ਼ਬੂਤ ਕੀਤਾ ਗਿਆ ਹੈ। ਯੂਰਪੀਅਨ ਸਟੈਂਡਰਡ (EN 15227) ਤਹਿਤ ਇਨ੍ਹਾਂ ਦਾ ਕਰੈਸ਼-ਯੋਗ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਅਤੇ ਇਲੈਕਟ੍ਰੀਕਲ ਪ੍ਰਣਾਲੀ ਨੂੰ 415-ਵੋਲਟ ਦੇ ਸੰਚਾਲਨ ਅਨੁਸਾਰ ਬਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਆਰ.ਸੀ.ਐੱਫ. ਅਤੇ ਬੰਗਲਾਦੇਸ਼ ਰੇਲਵੇ ਵਿਚਕਾਰ ਸਹਿਯੋਗ ਦਾ ਇਹ ਸਫ਼ਰ 2015-16 ਤੋਂ ਚੱਲ ਰਿਹਾ ਹੈ, ਜਦੋਂ 120 ਕੋਚ ਸਪਲਾਈ ਕੀਤੇ ਗਏ ਸਨ। ਇਸੇ ਸਫ਼ਲਤਾ ਨੂੰ ਦੇਖਦਿਆਂ ਬੰਗਲਾਦੇਸ਼ ਨੇ 2024 ਵਿੱਚ ‘ਰਾਈਟਸ’ (RITES) ਰਾਹੀਂ 200 ਬ੍ਰੌਡ-ਗੇਜ ਕੋਚਾਂ ਦਾ ਨਵਾਂ ਆਰਡਰ ਦਿੱਤਾ ਸੀ, ਜਿਸ ਦੇ ਤਹਿਤ ਇਹ ਪਹਿਲੀ ਖੇਪ ਅੱਜ ਭੇਜੀ ਜਾ ਰਹੀ ਹੈ।

Leave a Comment

Your email address will not be published. Required fields are marked *