ਲੱਖਾਂ ਦੀ ਫੀਸ ਭਰਨੋਂ ਬੇਵੱਸ ਹੋਣਹਾਰ ਨੀਟ ਵਿਦਿਆਰਥੀਆਂ ਦੇ ਮਸੀਹਾ ਬਣੇ ਦਾਨੀ ਸੱਜਣ, 5.09 ਲੱਖ ਦੀ ਦਿੱਤੀ ਵਿੱਤੀ ਮਦਦ

ਚੰਡੀਗੜ੍ਹ, 5 ਸਤੰਬਰ: ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਫੀਸ ਨਾ ਭਰ ਸਕਣ ਕਾਰਨ ਨਿਰਾਸ਼ਾ ਵਿੱਚ ਡੁੱਬੇ ਹੋਣਹਾਰ ਨੀਟ (NEET) ਪ੍ਰੀਖਿਆ ਪਾਸ ਵਿਦਿਆਰਥੀਆਂ ਦੀ ਮਦਦ ਲਈ ਦਾਨੀ ਸੱਜਣ ਅੱਗੇ ਆਏ ਹਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਤੋਂ ਬਾਅਦ ਕਰੀਬ 21 ਦਾਨੀ ਸੱਜਣਾਂ ਨੇ ਸੰਪਰਕ ਕਰਕੇ ਇਨ੍ਹਾਂ ਬੱਚਿਆਂ ਲਈ 5.09 ਲੱਖ ਰੁਪਏ ਦੀ ਵਿੱਤੀ ਸਹਾਇਤਾ ਇਕੱਠੀ ਕੀਤੀ ਹੈ, ਜਿਸ ਨਾਲ ਇਨ੍ਹਾਂ ਗਰੀਬ ਪਰ ਹੋਣਹਾਰ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ।

ਮੈਰੀਟੋਰੀਅਸ ਸਕੂਲ ਬਠਿੰਡਾ ਦੇ ਅਧਿਆਪਕ ਮਨਜੀਤ ਸਿੰਘ ਅਨੁਸਾਰ ਪਿੰਡ ਆਲਮਵਾਲਾ (ਮਲੋਟ) ਦੇ ਮਹਿਕਦੀਪ ਸਿੰਘ ਦੀ ਮਦਦ ਲਈ ਨੌਂ ਦਾਨੀ ਸੱਜਣਾਂ ਨੇ ਕੁੱਲ 2.75 ਲੱਖ ਰੁਪਏ ਭੇਜੇ ਹਨ। ਦਸਵੀਂ ਵਿੱਚ 90 ਫ਼ੀਸਦੀ ਅਤੇ ਬਾਰ੍ਹਵੀਂ ਵਿੱਚ 95.2 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਮਹਿਕਦੀਪ ਦੀ ਕੋਚਿੰਗ ਅਤੇ ਫੀਸ ਲਈ ਉਸ ਦੇ ਮਾਪਿਆਂ ਨੂੰ ਆਪਣੇ ਗਹਿਣੇ ਅਤੇ ਇੱਥੋਂ ਤੱਕ ਕਿ ਗਾਂ ਵੀ ਵੇਚਣੀ ਪਈ ਸੀ। ਪਰ ਹੁਣ ਧੂਰੀ ਦੀ ਐੱਨਜੀਓ ਵੱਲੋਂ 1 ਲੱਖ, ਲੁਧਿਆਣਾ ਦੀ ਅਕੈਡਮੀ ਦੇ ਸੁਖਵਿੰਦਰ ਸਿੰਘ ਵੱਲੋਂ 50 ਹਜ਼ਾਰ, ਸੁਨਾਮ ਦੇ ਇੱਕ ਸੱਜਣ ਵੱਲੋਂ 35 ਹਜ਼ਾਰ, ਪ੍ਰਬੋਧ ਭਾਰਤ ਫਾਊਂਡੇਸ਼ਨ ਵੱਲੋਂ 25 ਹਜ਼ਾਰ, ਸ਼ੁਭਕਰਮਨ ਫਾਊਂਡੇਸ਼ਨ ਮੁਕਤਸਰ ਵੱਲੋਂ 20 ਹਜ਼ਾਰ ਅਤੇ ਦੋ ਪੱਤਰਕਾਰਾਂ ਦੀ ਮਦਦ ਨਾਲ ਉਸ ਦੀ ਦਾਖ਼ਲਾ ਫੀਸ ਜਮ੍ਹਾਂ ਹੋ ਗਈ ਹੈ।

ਇਸੇ ਤਰ੍ਹਾਂ ਪਿੰਡ ਹੌਜ ਗੰਧੜ (ਫ਼ਾਜ਼ਿਲਕਾ) ਦੀ ਸੁਮਨਦੀਪ ਕੌਰ, ਜਿਸ ਨੇ ਦਸਵੀਂ ‘ਚ 90% ਤੇ ਬਾਰ੍ਹਵੀਂ ‘ਚ 92% ਅੰਕ ਲਏ ਸਨ, ਦੀ ਫੀਸ ਲਈ ਸੰਗਰੂਰ ਦੇ ਕਾਰੋਬਾਰੀ ਰਾਜੇਸ਼ ਗਰਗ ਨੇ 1 ਲੱਖ, ਡਿਪਟੀ ਕਮਿਸ਼ਨਰ ਦਫ਼ਤਰ ਨੇ 20 ਹਜ਼ਾਰ ਅਤੇ ਸਥਾਨਕ ਕਿਸਾਨ ਯੂਨੀਅਨ ਨੇ 15 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ। ਦੂਜੇ ਪਾਸੇ, ਮਲੋਟ ਦੇ ਅਮਨ ਸਿੰਘ (ਬਾਰ੍ਹਵੀਂ ‘ਚ 96.2% ਅੰਕ), ਜਿਸ ਦੇ ਪਿਤਾ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ, ਦੀ ਦਾਖ਼ਲਾ ਫੀਸ ਲਈ ਬਠਿੰਡਾ ਦੇ ਬਲਵਿੰਦਰ ਸਿੰਘ ਨੇ 40 ਹਜ਼ਾਰ, ਪਟਿਆਲਾ ਤੋਂ ਗੁਰਚਰਨ ਸਿੰਘ ਨੇ 25 ਹਜ਼ਾਰ ਅਤੇ ਧੂਰੀ ਦੇ ਦਾਨੀ ਸੱਜਣ ਨੇ 20 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ।

ਦਾਨੀ ਸੱਜਣਾਂ ਨੇ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਸਮਾਜ ਦੀ ਅਨਮੋਲ ਪੂੰਜੀ ਦੱਸਦਿਆਂ ਆਪਣਾ ਫ਼ਰਜ਼ ਨਿਭਾਇਆ ਹੈ। ਦੂਜੇ ਪਾਸੇ, ਸਰਕਾਰੀ ਪੱਧਰ ‘ਤੇ ਅਜੇ ਤੱਕ ਕੋਈ ਸਿੱਧੀ ਵਿੱਤੀ ਮਦਦ ਪ੍ਰਾਪਤ ਨਹੀਂ ਹੋਈ ਹੈ, ਹਾਲਾਂਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਅਖ਼ਤਿਆਰੀ ਕੋਟੇ ਅਤੇ ਸਰਕਾਰੀ ਚੈਨਲਾਂ ਰਾਹੀਂ ਇਨ੍ਹਾਂ ਬੱਚਿਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

Leave a Comment

Your email address will not be published. Required fields are marked *