
ਅੰਮ੍ਰਿਤਸਰ, 12 ਅਗਸਤ: ਬਰਤਾਨੀਆ, ਅਮਰੀਕਾ ਅਤੇ ਕੁਝ ਹੋਰ ਵਿਦੇਸ਼ੀ ਮੁਲਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਅਤੇ ਇਨ੍ਹਾਂ ਨੂੰ ਵੇਚਣ ਦੇ ਸਾਹਮਣੇ ਆਏ ਮਾਮਲਿਆਂ ‘ਤੇ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਰੁਖ ਅਪਣਾਇਆ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਗ਼ੈਰ-ਕਾਨੂੰਨੀ ਅਤੇ ਮਰਿਯਾਦਾ ਦੇ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਅਮਰੀਕਾ ਵਿਖੇ ਅਕਾਲ ਤਖ਼ਤ ਦੀ ਅਧਿਕਾਰਤ ਕਮੇਟੀ ਦੇ ਮੈਂਬਰ ਅਤੇ ਕੋਆਰਡੀਨੇਟਰ ਭਾਈ ਸ਼ਵਿੰਦਰ ਸਿੰਘ ਨੇ ਅੰਮ੍ਰਿਤਸਰ ਪਹੁੰਚ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਅਮਰੀਕਾ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਉੱਥੋਂ ਦੇ ਗੁਰਦੁਆਰਿਆਂ ਨਾਲ ਜੁੜੇ ਵੱਖ-ਵੱਖ ਅਹਿਮ ਮਾਮਲਿਆਂ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਮੁੱਖ ਤੌਰ ‘ਤੇ ਵਿਦੇਸ਼ਾਂ ਵਿੱਚ ਬੀੜਾਂ ਦੀ ਗ਼ੈਰ-ਕਾਨੂੰਨੀ ਛਪਾਈ ਕਰਕੇ ਸ਼ਰਧਾਲੂਆਂ ਨੂੰ ਵੇਚਣ, ਗੁਰਦੁਆਰਿਆਂ ਵਿੱਚ ਮਰਿਯਾਦਾ ਦੀ ਉਲੰਘਣਾ, ਸਿੱਖਾਂ ਵਿੱਚ ਆਪਸੀ ਵਿਵਾਦਾਂ ਅਤੇ ਅਕਾਲ ਤਖ਼ਤ ਨੂੰ ਗੁਮਰਾਹਕੁੰਨ ਜਾਣਕਾਰੀਆਂ ਭੇਜਣ ਵਰਗੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਜਥੇਦਾਰ ਨੇ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦਾ ਦੌਰਾ ਕਰਨ ਦੀ ਗੱਲ ਵੀ ਆਖੀ ਅਤੇ ਭਾਈ ਸ਼ਵਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਸਮੇਤ ਮੀਡੀਆ ਸਲਾਹਕਾਰ ਜਸਕਰਨ ਸਿੰਘ ਅਤੇ ਹਰਜੋਧ ਸਿੰਘ ਵੀ ਹਾਜ਼ਰ ਸਨ।





